ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਆਸੀ ਹੇਜ: ਹੜ੍ਹਾਂ ਦੇ ਪਾਣੀ ’ਚ ਸ਼ੂਕਣ ਲੱਗੇ ਸਿਆਸੀ ਬੇੜੇ

ਪੀੜਤਾਂ ਦੇ ਦਿਲ ਜਿੱਤਣ ਲਈ ਆਗੂਆਂ ਨੇ ਤਾਕਤ ਝੋਕੀ
Advertisement

ਸਿਆਸੀ ਪਾਰਟੀਆਂ ਵੱਲੋਂ ‘ਪੰਜਾਬ ਮਿਸ਼ਨ-2027’ ਵਾਲਾ ਰਾਜਸੀ ਬੇੜਾ ਪਾਰ ਲਾਉਣ ਲਈ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਪੂਰੀ ਤਾਕਤ ਝੋਕੀ ਜਾ ਰਹੀ ਹੈ। ਹੜ੍ਹ ਪੀੜਤਾਂ ਦੇ ਦਿਲ ਜਿੱਤਣ ਲਈ

ਸਿਆਸੀ ਆਗੂ ਪੱਬਾਂ ਭਾਰ ਹਨ। ਜਿੱਥੇ ‘ਆਪ’ ਸਰਕਾਰ ਹੜ੍ਹਾਂ ਦੇ ਝੰਬੇ ਪਿੰਡਾਂ ’ਚ ਸਰਕਾਰੀ ਸ਼ਕਤੀ ਜੁਟਾ ਰਹੀ ਹੈ, ਉੱਥੇ ਭਾਜਪਾ ਨੇ ਸਾਰੇ ਵਸੀਲੇ ਲਾ ਦਿੱਤੇ ਹਨ। ‘ਆਪ’ ਸਰਕਾਰ ਵੱਲੋਂ ‘ਮਿਸ਼ਨ ਚੜ੍ਹਦੀ ਕਲਾ’ ਤਹਿਤ ਫ਼ੰਡ ਜੁਟਾਏ ਜਾ ਰਹੇ ਹਨ ਅਤੇ ਕੇਂਦਰ ਸਰਕਾਰ ਦੀ ਘੇਰਾਬੰਦੀ ਵੀ ਨਾਲੋਂ ਨਾਲ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ ਅਤੇ ਕਾਂਗਰਸ ਵੀ ਹੜ੍ਹ ਪੀੜਤਾਂ ਨਾਲ ਹੇਜ ਜਤਾ ਰਹੀ ਹੈ। ਭਾਜਪਾ ਦੀ ਹਕੂਮਤ ਵਾਲੇ ਸੂਬਿਆਂ ਹਰਿਆਣਾ, ਗੁਜਰਾਤ, ਗੋਆ ਤੇ ਮੱਧ ਪ੍ਰਦੇਸ਼ ਵਿੱਚੋਂ ਭਾਜਪਾ ਨੇ ਰਾਹਤ ਸਮੱਗਰੀ ਪੰਜਾਬ ਭੇਜੀ ਹੈ। ਜਲੰਧਰ ਤੇ ਪਠਾਨਕੋਟ ਦੇ ਗੁਦਾਮਾਂ ’ਚ ਦੂਸਰੇ ਸੂਬਿਆਂ ’ਚੋਂ ਰਾਹਤ ਸਮੱਗਰੀ ਟਰੇਨਾਂ ਜ਼ਰੀਏ ਪੁੱਜੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵਾਲੇ ਬੈਗਾਂ ’ਚ ਇਹ ਰਾਹਤ ਸਮੱਗਰੀ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਭੇਜੀ ਜਾਵੇਗੀ। ਹਰਿਆਣਾ ਸਰਕਾਰ ਨੇ ਰਾਹਤ ਫੰਡ ਵਜੋਂ ਪੰਜ ਕਰੋੜ ਦਾ ਵਿੱਤੀ ਯੋਗਦਾਨ ਵੀ ਪਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 1600 ਕਰੋੜ ਦਾ ਰਾਹਤ ਪੈਕੇਜ ਦੇ ਚੁੱਕੇ ਹਨ ਜਿਸ ਨੂੰ ਪੰਜਾਬ ਸਰਕਾਰ ਨੇ ਨਿਗੂਣਾ ਦੱਸ ਕੇ ਰੱਦ ਕੀਤਾ ਹੈ।

Advertisement

ਖੇਤੀ ਮੰਤਰੀ ਸ਼ਿਵਰਾਜ ਚੌਹਾਨ ਸਮੇਤ ਹੁਣ ਤੱਕ ਦੋ ਦਰਜਨ ਕੇਂਦਰੀ ਮੰਤਰੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਗੇੜਾ ਮਾਰ ਚੁੱਕੇ ਹਨ। ਸਟੇਟ ਡਿਜ਼ਾਸਟਰ ਰਿਸਪਾਂਸ ਫੰਡਾਂ ’ਚ ਦੋ ਕਿਸ਼ਤਾਂ ’ਚ 482 ਕਰੋੜ ਰੁਪਏ ਦੇ ਫ਼ੰਡ ਦਿੱਤੇ ਜਾ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ਕੇਂਦਰ ਹੜ੍ਹਾਂ ਕਾਰਨ ਪੰਜਾਬ ਨੂੰ 600 ਕਰੋੜ ਦਾ ਲੋਨ ਦੇਣ ਦੀ ਤਿਆਰੀ ’ਚ ਵੀ ਹੈ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਹੜ੍ਹਾਂ ’ਚ ਢਹਿ ਗਏ ਘਰਾਂ ਨੂੰ ਮੁੜ ਬਣਾਏ ਜਾਣ ਦੀ ਯੋਜਨਾ ਹੈ। ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਵਾਧੂ ਫ਼ੰਡ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਭਾਜਪਾ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਔਖ ਦੀ ਘੜੀ ’ਚ ਭਾਜਪਾ ਪੀੜਤਾਂ ਦੀ ਬਾਂਹ ਫੜਨਾ ਆਪਣਾ ਨੈਤਿਕ ਫ਼ਰਜ਼ ਸਮਝਦੀ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਅੰਦੋਲਨ ਮਗਰੋਂ ਦਿਹਾਤੀ ਪੰਜਾਬ ਦੇ ਭਾਜਪਾ ਪ੍ਰਤੀ ਤਿੱਖੇ ਤੇਵਰ ਰਹੇ ਹਨ। ਹੁਣ ਭਾਜਪਾ ਆਪਣੇ ਪੁਰਾਣੇ ਦਾਗ਼ ਮਿਟਾਉਣ ’ਚ ਜੁਟੀ ਹੋਈ ਹੈ।

‘ਆਪ’ ਸਰਕਾਰ ਨੇ ਵਿਧਾਇਕਾਂ ਅਤੇ ਵਜ਼ੀਰਾਂ ਦੀ ਤਾਇਨਾਤੀ ਕੀਤੀ ਹੋਈ ਹੈ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਮੈਡੀਕਲ ਰਾਹਤ ਕੈਂਪ ਲਗਾਏ ਗਏ ਹਨ ਅਤੇ ਪਸ਼ੂ ਧਨ ਦੇ ਇਲਾਜ ਲਈ ਟੀਕਾਕਰਨ ਮੁਹਿੰਮ ਵਿੱਢੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਆਖ ਚੁੱਕੇ ਹਨ ਕਿ ਪੰਜਾਬ ਸਰਕਾਰ 45 ਦਿਨਾਂ ਦੇ ਅੰਦਰ ਅੰਦਰ ਮੁਆਵਜ਼ੇ ਦੀ ਵੰਡ ਨੂੰ ਮੁਕੰਮਲ ਕਰੇਗੀ। ਪੰਜਾਬ ਸਰਕਾਰ ਨੇ ਨੇਮਾਂ ’ਚ ਸੋਧਾਂ ਲਈ ਹੁਣ ਹੜ੍ਹਾਂ ਦੇ ਮਾਮਲੇ ਅਤੇ ਖ਼ਾਸ ਕਰਕੇ ਮੁੜ ਵਸੇਬੇ ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਹੈ।

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਪੁੱਜੇ ਸਨ ਅਤੇ ਉਸ ਤੋਂ ਪਹਿਲਾਂ ਪੰਜਾਬ ਇੰਚਾਰਜ ਭੂਪੇਸ਼ ਬਘੇਲ ਵੀ ਦੌਰਾ ਕਰ ਕੇ ਆਏ ਸਨ। ਪੰਜਾਬ ਕਾਂਗਰਸ ਦੇ ਨੇਤਾ ਵੀ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਹਾਜ਼ਰ ਸਨ ਪ੍ਰੰਤੂ ਰਾਹਤ ਸਮੱਗਰੀ ਆਦਿ ਵੰਡਣ ’ਚ ਬੱਝਵਾਂ ਪ੍ਰਭਾਵ ਕਾਂਗਰਸ ਦਾ ਦੇਖਣ ਨੂੰ ਨਹੀਂ ਮਿਲਿਆ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੜ੍ਹਾਂ ਦੌਰਾਨ ਸਾਰੇ ਖੇਤਰਾਂ ਦਾ ਦੌਰਾ ਕੀਤਾ ਅਤੇ ਡੀਜ਼ਲ ਆਦਿ ਦੇਣ ਤੋਂ ਇਲਾਵਾ ਪੀੜਤਾਂ ਨੂੰ ਨਕਦ ਰਾਸ਼ੀ ਵੀ ਵੰਡੀ ਹੈ। ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਟੀਮ ਵੱਲੋਂ ਵੀ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਕੈਂਪ ਲਗਾਏ ਗਏ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪੀੜਤਾਂ ਲਈ ਉਪਰਾਲੇ ਕੀਤੇ ਹਨ। ਜਿੱਥੇ ਸਿਆਸੀ ਧਿਰਾਂ ਇਸ ਬਿਪਤਾ ਦੀ ਘੜੀ ’ਚੋਂ ਸਿਆਸੀ ਫ਼ਾਇਦਾ ਦੇਖ ਰਹੀਆਂ ਹਨ, ਉੱਥੇ ਆਮ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਬਿਨਾਂ ਕਿਸੇ ਲਾਲਚ ਦੇ ਇਨਸਾਨੀ ਭਾਵਨਾ ਨਾਲ ਪੀੜਤਾਂ ਦੀ ਮਦਦ ਲਈ ਜੁੱਟੀਆਂ ਹੋਈਆਂ ਹਨ।

Advertisement
Show comments