ਮਾਨਸਾ ਦੁਕਾਨ 'ਤੇ ਗੋਲੀਬਾਰੀ ਮਾਮਲੇ ਵਿੱਚ ਪੁਲੀਸ ਵੱਲੋਂ ਵੱਡਾ ਖੁਲਾਸਾ; ਚਾਰ ਗ੍ਰਿਫ਼ਤਾਰ, ਹਥਿਆਰ ਬਰਾਮਦ
ਮਾਨਸਾ ਦੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਦੁਕਾਨਦਾਰ ਸਤੀਸ਼ ਕੁਮਾਰ ਉਰਫ਼ ਨੀਟੂ ਦੇ ਪੁੱਤਰ ਨੇ ਕੈਨੇਡਾ ਦੇ ਸਰੀ ਵਿੱਚ ਇੱਕ ਯੂਨੀਵਰਸਿਟੀ ਵਿੱਚ ਵਿਦਿਆਰਥੀ ਕੌਂਸਲ ਦੇ ਉਪ-ਪ੍ਰਧਾਨ ਦੀ ਚੋਣ ਲੜੀ ਸੀ, ਜਿਸ ਕਾਰਨ ਸ਼ਰਨਜੀਤ ਸਿੰਘ ਔਲਖ ਦੀ ਅਗਵਾਈ ਵਾਲੇ ਇੱਕ ਵਿਰੋਧੀ ਧੜੇ ਨਾਲ ਦੁਸ਼ਮਣੀ ਹੋ ਗਈ।
ਐਸਐਸਪੀ ਨੇ ਕਿਹਾ, “ਉਸ ਦੇ ਪੁੱਤਰ ਦੇ ਗਰੁੱਪ ਦੇ ਵਿਰੋਧੀ ਧੜੇ ਨੇ ਇੱਕ ਸ਼ੂਟਰ, ਗੁਰਸਾਹਿਬ ਸਿੰਘ ਨੂੰ ਭਾੜੇ ’ਤੇ ਲੈ ਕੇ ਅਤੇ ਆਪਣੇ ਸਥਾਨਕ ਸੰਪਰਕਾਂ ਦੀ ਮਦਦ ਨਾਲ, ਗੋਲੀਬਾਰੀ ਦੀ ਸਾਜ਼ਿਸ਼ ਰਚੀ।”
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਰੋਪੜ ਜ਼ਿਲ੍ਹੇ ਦੇ ਵਸਨੀਕ ਤਿੰਨ ਮੁਲਜ਼ਮਾਂ – ਗੁਰਸਾਹਿਬ ਸਿੰਘ, ਰਮਨਪ੍ਰੀਤ ਸਿੰਘ ਅਤੇ ਬਲਜਿੰਦਰ ਸਿੰਘ – ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗੁਰਸਾਹਿਬ ਅਤੇ ਰਮਨਪ੍ਰੀਤ ਪਾਸੋਂ ਦੋ ਪਿਸਤੌਲ ਸਮੇਤ ਨੌਂ ਜ਼ਿੰਦਾ ਕਾਰਤੂਸ ਅਤੇ ਛੇ ਗੋਲੀਆਂ ਦੇ ਖੋਲ ਬਰਾਮਦ ਕੀਤੇ ਗਏ ਸਨ, ਜਦਕਿ ਬਲਜਿੰਦਰ ਨੂੰ ਉਨ੍ਹਾਂ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਐੱਸਐੱਸਪੀ ਨੇ ਅੱਗੇ ਕਿਹਾ ਕਿ ਹੁਣ ਜਲੰਧਰ ਜ਼ਿਲ੍ਹੇ ਦੇ ਮਸਾਣੀ ਪਿੰਡ ਦੇ ਰਹਿਣ ਵਾਲੇ ਚੌਥੇ ਮੁਲਜ਼ਮ ਮਨਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਕੋਲੋਂ .32 ਬੋਰ ਅਤੇ ਇੱਕ ਜ਼ਿਗਾਨਾ ਸਮੇਤ ਦੋ ਪਿਸਤੌਲ ਅਤੇ ਛੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਐੱਸਐੱਸਪੀ ਨੇ ਦੱਸਿਆ ਕਿ ਮਨਜੋਤ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੇ ਰਾਜਨ ਭਗਤ ਖ਼ਿਲਾਫ਼ ਗੁਰਸਾਹਿਬ ਦੇ ਬਿਆਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਰਾਜਨ ਨੂੰ ਅਜੇ ਗ੍ਰਿਫ਼ਤਾਰ ਕਰਨਾ ਬਾਕੀ ਹੈ।
ਇਸ ਦੌਰਾਨ ਸ਼ਿਕਾਇਤਕਰਤਾ ਦੇ ਤਾਜ਼ਾ ਬਿਆਨ 'ਤੇ ਕਾਰਵਾਈ ਕਰਦੇ ਹੋਏ, ਦੋ ਹੋਰ ਵਿਅਕਤੀਆਂ – ਸ਼ਰਨਜੀਤ ਸਿੰਘ ਔਲਖ ਉਰਫ਼ ਸ਼ਰਨ ਔਲਖ (ਗੁਰਦਾਸਪੁਰ ਦਾ ਰਹਿਣ ਵਾਲਾ, ਜੋ ਇਸ ਸਮੇਂ ਕੈਨੇਡਾ ਵਿੱਚ ਹੈ) ਅਤੇ ਜਸਪ੍ਰੀਤ ਸਿੰਘ ਉਰਫ਼ ਜੱਸ ਗਿੱਲ (ਲਾਲੋਮਾਜਰਾ ਦਾ ਰਹਿਣ ਵਾਲਾ, ਜੋ ਹੁਣ ਆਸਟਰੇਲੀਆ ਵਿੱਚ ਹੈ) – ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਮਾਨਸਾ ਸਿਟੀ-1 ਥਾਣੇ ਵਿੱਚ ਬੀਐੱਨਐੱਸ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਹਿਲਾਂ ਹੀ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਦੇ ਮੱਦੇਨਜ਼ਰ ਮਾਨਸਾ ਸ਼ਹਿਰ ਵਿੱਚ ਇੱਕ ਦਿਨ ਦਾ 'ਬੰਦ' ਰਿਹਾ ਅਤੇ ਰੋਸ ਪ੍ਰਦਰਸ਼ਨ ਹੋਏ ਸਨ।
