‘ਆਪ’ ਲਈ ਕੰਮ ਕਰ ਰਹੀ ਹੈ ਪੁਲੀਸ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਅੱਜ ਇੱਥੇ ਪੁਲੀਸ ਖ਼ਿਲਾਫ਼ ਧਰਨਾ ਦਿੱਤਾ| ਧਰਨਾਕਾਰੀਆਂ ਨੂੰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦੇ ਵਰਕਰਾਂ ਜਾਂ ਆਗੂਆਂ ਖ਼ਿਲਾਫ਼ ਝੂਠਾ ਕੇਸ ਦਰਜ ਕਰਨ ’ਤੇ ਉਹ ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਤਰਨ ਤਾਰਨ ਵਿੱਚ ਵੜਨ ਨਹੀਂ ਦੇਵਾਂਗੇ| ਧਰਨੇ ਵਾਲੀ ਥਾਂ ’ਤੇ ਪੁਲੀਸ ਤਰਫ਼ੋਂ ਆਏ ਡੀ ਐੱਸ ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਖ਼ਿਲਾਫ਼ ਦਰਜ ਹੋਏ ਦੋ ਕੇਸਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੜਤਾਲ ਖ਼ਤਮ ਹੋਣ ’ਤੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ| ਇਸ ਦੌਰਾਨ ਅਕਾਲੀ ਵਰਕਰਾਂ ਨੇ ਪੁਲੀਸ ਨੂੰ ਮੰਗ ਪੱਤਰ ਵੀ ਸੌਂਪਿਆ| ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਐੱਸ ਐੱਸ ਪੀ ’ਤੇ ਆਮ ਆਦਮੀ ਪਾਰਟੀ (ਆਪ) ਲਈ ਕੰਮ ਕਰਨ ਦੇ ਦੋਸ਼ ਲਾਏ ਅਤੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਲੀਹ ਟੱਪ ਕੇ ‘ਆਪ’ ਦੇ ਸਿਆਸੀ ਏਜੰਟ ਵਜੋਂ ਕੰਮ ਕੀਤਾ ਤਾਂ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਪੁਲੀਸ ਵਲੋਂ ਰਾਜਸੀ ਹਿੱਤਾਂ ਕਰ ਕੇ ਜ਼ਿਲ੍ਹੇ ਅੰਦਰ ਕਈ ਪੁਲੀਸ ਅਧਿਕਾਰੀਆਂ ਨੂੰ ਨਿਯਮਾਂ ਤੋਂ ਬਾਹਰ ਜਾ ਕੇ ਤਾਇਨਾਤ ਕਰਨ ਦਾ ਦੋਸ਼ ਵੀ ਲਾਇਆ। ਇਸ ਮੌਕੇ ਤਰਨ ਤਾਰਨ ਤੋਂ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ, ਗੁਲਜ਼ਾਰ ਸਿੰਘ ਰਣੀਕੇ, ਅਲਵਿੰਦਰਪਾਲ ਸਿੰਘ ਪੱਖੋਕੇ, ਲਖਬੀਰ ਸਿੰਘ ਲੋਧੀਨੰਗਲ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਸੰਬੋਧਨ ਕੀਤਾ।
ਚੋਣ ਕਮਿਸ਼ਨ ਨੂੰ ਸੌਂਪੀ ਜਾਵੇਗੀ ਰਿਪੋਰਟ: ਐੱਸ ਐੱਸ ਪੀ
ਐੱਸ ਐੱਸ ਪੀ ਰਵਜੋਤ ਗਰੇਵਾਲ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਰਿਪੋਰਟ ਚੋਣ ਕਮਿਸ਼ਨ ਨੂੰ ਸੌਂਪਣਗੇ ਅਤੇ ਅਗਲੇਰੀ ਕਾਰਵਾਈ ਚੋਣ ਕਮਿਸ਼ਨ ਨੇ ਕਰਨੀ ਹੈ| ਅਕਾਲੀ ਦਲ ਦੇ ਜਿਹੜੇ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ ਉਨ੍ਹਾਂ ਵਿੱਚ ਗੈਂਗਸਟਰ ਅੰਮ੍ਰਿਤ ਬਾਠ ਤੋਂ ਇਲਾਵਾ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਕਵਰਿੰਗ ਉਮੀਦਵਾਰ ਕੰਚਨਪ੍ਰੀਤ ਕੌਰ, ਪਰਮਜੀਤ ਸਿੰਘ ਗੱਗੋਬੁਆ, ਸੰਦੀਪ ਸਿੰਘ ਉਰਫ਼ ਸੋਨੂੰ ਦੋਦੇ, ਪੂਰਨ ਸਿੰਘ ਅੱਡਾ ਝਬਾਲ ਤੇ ਅਜਮੇਰ ਸਿੰਘ ਛਾਪਾ ਸ਼ਾਮਲ ਹਨ| ਇਹ ਕਾਰਵਾਈ ਮੋਨੂੰ ਚੀਮਾ ਖੁੱਲਰ ਵਾਸੀ ਝਬਾਲ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
