ਪੁਲੀਸ ਵੱਲੋਂ ਨਸ਼ਾ ਤਸਕਰ ਦਾ ਘਰ ਢਹਿ-ਢੇਰੀ
ਹਰਜੀਤ ਪਰਮਾਰ/ਦਲਬੀਰ ਸੱਖੋਵਾਲੀਆ
ਬਟਾਲਾ, 20 ਮਾਰਚ
ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਇੱਥੋਂ ਦੇ ਗਾਂਧੀ ਕੈਂਪ ਵਿੱਚ ਨਸ਼ਾ ਤਸਕਰ ਜੀਵਨ ਕੁਮਾਰ ਦੀ ਕੋਠੀ ਢਾਹ ਦਿੱਤੀ ਗਈ। ਇਸ ਮੌਕੇ ਬਟਾਲਾ ਦੇ ਐੱਸਐੱਸਪੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਇਸ ਨਸ਼ਾ ਤਸਕਰ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ। ਨਸ਼ਾ ਤਸਕਰ ਜੀਵਨ ਕੁਮਾਰ ’ਤੇ ਐੱਨਡੀਪੀਐੱਸ ਐਕਟ ਤਹਿਤ ਤਿੰਨ ਕੇਸ ਦਰਜ ਹਨ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਵੀ ਵਿਅਕਤੀ ਕਿਸੇ ਵੀ ਗ਼ੈਰਕਾਨੂੰਨੀ ਕਾਰਵਾਈ ਵਿੱਚ ਸ਼ਾਮਲ ਹੈ, ਉੁਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਬਟਾਲਾ ’ਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਮੁੱਖ ਧਾਰਾ ਵਿੱਚ ਨਹੀਂ ਆ ਜਾਂਦੇ। ਸੂਤਰ ਦੱਸਦੇ ਕਿ ਪੁਲੀਸ ਨੇ ਖੂਫੀਆਂ ਤੌਰ ’ਤੇ ਬਟਾਲਾ ਦੇ ਹੋਰ ਮੁਹੱਲਿਆਂ ਵਿੱਚ ਵੀ ਨਸ਼ਾ ਤਸਕਰਾਂ ਦੀਆਂ ਬਣਾਈਆਂ ਇਮਾਰਤਾਂ ਦੀ ਨਿਸ਼ਾਹਦੇਹੀ ਕੀਤੀ ਹੈ, ਜੋ ਆਉਂਦੇ ਦਿਨਾਂ ਵਿੱਚ ਢਹਿਢੇਰੀ ਕੀਤੀਆਂ ਜਾਣਗੀਆਂ।
ਇਸ ਮੌਕੇ ਤੇਜਿੰਦਰਪਾਲ ਸਿੰਘ ਗੁਰਾਇਆ ਡੀਐੱਸਪੀ (ਐੱਚ), ਹਰੀਸ਼ ਬਹਿਲ ਡੀਐੱਸਪੀ, ਨਾਰੋਕੈਟਿਕ ਸੈੱਲ, ਐੱਸਐੱਚਓਜ਼ ਅਤੇ ਹੋਰ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਮੌਜੂਦ ਸਨ। ਨਸ਼ਾ ਤਸਕਰਾਂ ਵਿਰੁੱਧ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਹ ਆਪਣੀ ਤਰ੍ਹਾਂ ਦੀ ਪਹਿਲੀ ਕਾਰਵਾਈ ਹੈ।
