ਨਸ਼ਿਆਂ ਵਿਰੁੱਧ ਛਾਪਾ ਮਾਰਨ ਗਈ ਪੁਲੀਸ ’ਤੇ ਹਮਲਾ
ਘਟਨਾ ਦਾ ਪਤਾ ਲਗਦਿਆਂ ਹੀ ਡੀ.ਐੱਸ.ਪੀ. ਸਤੀਸ਼ ਕੁਮਾਰ ਅਤੇ ਯਾਦਵਿੰਦਰ ਸਿੰਘ, ਸੀ.ਆਈ.ਏ. ਇੰਚਾਰਜ ਹਰਜਿੰਦਰ ਸਿੰਘ, ਐੱਸ.ਐੱਚ.ਓ. ਗੁਰਪ੍ਰੀਤ ਕੌਰ ਮੌਕੇ ’ਤੇ ਪੁੱਜੇ। ਜ਼ੇਰੇ ਇਲਾਜ ਏ.ਐੱਸ.ਆਈ. ਹਰਜੀਤ ਸਿੰਘ ਦਾ ਹਾਲ ਜਾਣਨ ਲਈ ਪੁੱਜੇ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਛਾਪਾ ਮਾਰਨ ਗਈ ਪੁਲੀਸ ਪਾਰਟੀ ’ਤੇ ਹੋਏ ਹਮਲੇ ਵਿੱਚ ਏ.ਐੱਸ.ਆਈ. ਹਰਜੀਤ ਸਿੰਘ ਦੇ ਫੱਟੜ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੀ ਇਸ ਮਾਮਲੇ ਸਬੰਧੀ ਹੋਰ ਵੇਰਵੇ ਸਾਂਝੇ ਕੀਤੇ ਜਾ ਸਕਣਗੇ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਸੀ.ਆਈ.ਏ. ਮਾਹੋਰਾਣਾ ਦੇ ਕਰੀਬ ਅੱਧੀ ਦਰਜਨ ਮੁਲਾਜ਼ਮਾਂ ਨੇ ਕੇਲੋਂ ਗੇਟ ਨੇੜੇ ਸਥਿਤ ਮੁਹੱਲਾ ਬਾਲੂਕਾ ਦੇ ਇੱਕ ਘਰ ’ਤੇ ਛਾਪਾ ਮਾਰਿਆ। ਪੁਲੀਸ ਨੂੰ ਇੱਥੇ ਕਥਿਤ ਤੌਰ ’ਤੇ ਹੈਰੋਇਨ ਵੇਚਣ ਬਾਰੇ ਸੂਚਨਾ ਮਿਲੀ ਸੀ। ਪੁਲੀਸ ਮੁਲਾਜ਼ਮਾਂ ਨੇ ਜਿਉਂ ਹੀ ਕਥਿਤ ਮੁਲਜ਼ਮ ਨੂੰ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਤੇਜ਼ਧਾਰ ਦਾਤਰ ਨਾਲ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਏ.ਐੱਸ.ਆਈ. ਹਰਜੀਤ ਸਿੰਘ ਦੀ ਖੱਬੀ ਬਾਂਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ।