ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੁਲੀਸ ਵੱਲੋਂ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਮੁੜ ਗ੍ਰਿਫ਼ਤਾਰ

ਆਮਦਨ ਨਾਲੋਂ ਵੱਧ ਜਾਇਦਾਦ ਮਾਮਲੇ ’ਚ ਕੀਤਾ ਗ੍ਰਿਫ਼ਤਾਰ; ਕੌਰ ਦੇ ਨਾਂ ਰਜਿਸਟਰਡ ਵਾਹਨਾਂ ਸਮੇਤ ਹੋਰ ਜਾਇਦਾਦਾਂ ਜ਼ਬਤ
ਫਾਈਲ ਫੋਟੋ।
Advertisement

ਅਰਚਿਤ ਵਾਟਸ/ਸੁਖਮੀਤ ਭਸੀਨ

ਮੁਕਤਸਰ/ਬਠਿੰਡਾ, 26 ਮਈ

Advertisement

ਵਿਜੀਲੈਂਸ ਬਿਊਰੋ ਨੇ ਸੋਸ਼ਲ ਮੀਡੀਆ ’ਤੇ ‘ਇੰਸਟਾ ਕੁਈਨ’ ਵਜੋਂ ਮਕਬੂਲ ਤੇ ਪੰਜਾਬ ਪੁਲੀਸ ’ਚ ਸਾਬਕਾ ਕਾਂਸਟੇਬਲ ਅਮਨਦੀਪ ਕੌਰ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਮਾਮਲੇ ਵਿਚ ਅੱਜ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਕੌਰ ਨੂੰ ਗਾਇਕਾ ਅਫ਼ਸਾਨਾ ਖ਼ਾਨ ਦੇ ਵੱਡੀ ਭੈਣ ਰਫ਼ਤਾਰ ਖ਼ਾਨ ਦੇ ਮੁਕਤਸਰ ਜ਼ਿਲ੍ਹੇ ਦੇ ਬਾਦਲ ਪਿੰਡ ਵਿਚਲੇ ਘਰ ਤੋਂ ਹਿਰਾਸਤ ਵਿਚ ਲਿਆ ਹੈ। ਵਿਜੀਲੈਂਸ ਬਿਊਰੋ ਵਿਚਲੇ ਸੂਤਰਾਂ ਨੇ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਅਮਨਦੀਪ ਕੌਰ ਨੇ 2018 ਤੇ 2025 ਦਰਮਿਆਨ ਆਪਣੀ ਆਮਦਨ ਦੇ ਸਰੋਤਾਂ ਨਾਲੋਂ 31 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਬਣਾਈ।

ਪੁਲੀਸ ਨੇ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੇ ਨਾਂ ’ਤੇ ਰਜਿਸਟਰਡ ਵਾਹਨਾਂ ਸਮੇਤ ਹੋਰ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਕੌਰ ਨੂੰ ਬਠਿੰਡਾ ਵਿਚ ਥਾਰ ਜੀਪ ’ਚ ਡਰੱਗਜ਼ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਵੱਲੋਂ ਜ਼ਬਤ ਕੀਤੀਆਂ ਸੰਪਤੀਆਂ ਵਿਚ 2025 ਮਾਡਲ ਮਹਿੰਦਰਾ ਥਾਰ, ਜਿਸ ਦੀ ਕੀਮਤ 14 ਲੱਖ ਹੈ ਅਤੇ 2023 ਮਾਡਲ ਰੌਇਲ ਐਨਫੀਲਡ ਮੋਟਰਸਾਈਕਲ ਜਿਸ ਦੀ ਕੀਮਤ 1.70 ਲੱਖ ਹੈ, ਸ਼ਾਮਲ ਹਨ। ਇਨ੍ਹਾਂ ਦੀ ਮਾਲਕੀ ਨੂੰ ਨਾ ਅੱਗੇ ਤਬਦੀਲ ਕੀਤਾ ਜਾ ਸਕਦਾ ਹੈ ਤੇ ਨਾ ਹੀ ਵੇਚਿਆ ਜਾ ਸਕਦਾ ਹੈ। ਬਾਕੀ ਸੰਪਤੀਆਂ ਵਿਚ ਵਿਰਾਟ ਗ੍ਰੀਨਜ਼ ਕਲੋਨੀ ਵਿਚਲੀ ਰਿਹਾਇਸ਼ੀ ਇਮਾਰਤ (99 ਲੱਖ), ਡ੍ਰੀਮ ਸਿਟੀ ਕਲੋਨੀ ਵਿਚ 18.12 ਲੱਖ ਮੁੱਲ ਦਾ ਪਲਾਟ, ਆਈਫੋਨ 13 ਪ੍ਰੋ ਮੈਕਸ, ਆਈਫੋਨ ਐੱਸਈ, ਇਕ ਲੱਖ ਰੁਪਏ ਮੁੱਲ ਦੀ ਰੋਲੈਕਸ ਘੜੀ ਤੇ ਐੱਸਬੀਆਈ ਖਾਤੇ ਵਿਚ 1.01 ਲੱਖ ਰੁਪਏ ਦੀ ਨਕਦੀ ਸ਼ਾਮਲ ਹਨ।

ਹੁਕਮ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਕੀਤੀ ਗੈਰਕਾਨੂੰਨੀ ਕਮਾਈ ਤੋਂ ਉਪਰੋਕਤ ਜਾਇਦਾਦਾਂ ਆਪਣੇ ਨਾਮ ’ਤੇ ਹਾਸਲ ਕੀਤੀਆਂ ਹਨ। ਹੁਕਮਾਂ ਵਿੱਚ 2021 ਮਾਡਲ ਥਾਰ, ਜਿਸ ਦੀ ਕੀਮਤ 12.50 ਲੱਖ ਰੁਪਏ ਹੈ, ਨੂੰ ਫ੍ਰੀਜ਼ ਨਹੀਂ ਕੀਤਾ ਗਿਆ ਹੈ ਕਿਉਂਕਿ ਇਹ ਅਜੇ ਵੀ ਅਮਨਦੀਪ ਕੌਰ ਦੇ ਨਾਮ ’ਤੇ ਹੈ, ਪਰ ਉਸ ਨੇ ਕੇਸ ਦਰਜ ਹੋਣ ਤੋਂ ਕੁਝ ਮਹੀਨੇ ਪਹਿਲਾਂ ਗਗਨਪ੍ਰੀਤ ਸਿੰਘ ਮਾਨ ਨਾਂ ਦੇ ਸ਼ਖ਼ਸ ਨੂੰ ਇਹ ਗੱਡੀ ਵੇਚ ਦਿੱਤੀ ਸੀ ਅਤੇ ਆਰਸੀ ਦਾ ਤਬਾਦਲਾ ਪ੍ਰਕਿਰਿਆ ਅਧੀਨ ਹੈ। ਅਮਨਦੀਪ ਜ਼ਮਾਨਤ ’ਤੇ ਬਾਹਰ ਸੀ, ਪਰ ਵਿਜੀਲੈਂਸ ਬਠਿੰਡਾ ਰੇਂਜ ਨੇ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਮਾਮਲੇ ਵਿੱਚ ਉਸ ਨੂੰ ਅੱਜ ਮੁੜ ਗ੍ਰਿਫਤਾਰ ਕੀਤਾ ਹੈ।

Advertisement
Tags :
‘Insta Queen’