ਜਹਾਜ਼ ਰੈਜ਼ੀਡੈਂਟ ਡਾਕਟਰਾਂ ਦੀ ਮੈੱਸ ’ਤੇ ਡਿੱਗਾ, ਪੰਜ ਮੌਤਾਂ
ਨਵੀਂ ਦਿੱਲੀ (ਟ੍ਰਿਬਿਊਨ ਨਿਊਜ਼ ਸਰਵਿਸ): ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਏਆਈ-171 ਬੀ.ਜੇ. ਮੈਡੀਕਲ ਕਾਲਜ ਅਤੇ ਸਿਵਲ ਹਸਪਤਾਲ ਦੇ ਯੂਜੀ ਹੋਸਟਲ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਪੰਜ ਮੈਡੀਕਲ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਹੋਸਟਲ ਦੀ ਮੈੱਸ ਵਿੱਚ ਮੌਜੂਦ 50 ਤੋਂ ਵੱਧ ਵਿਦਿਆਰਥੀ ਅਤੇ ਮੈੱਸ ਦੇ ਕਰਮਚਾਰੀ ਗੰਭੀਰ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ ਵਿੱਚ ਚਾਰ ਅੰਡਰ-ਗ੍ਰੈਜੂਏਟ ਵਿਦਿਆਰਥੀ ਅਤੇ ਇਕ ਪੋਸਟ ਗ੍ਰੈਜੂਏਟ ਰੈਜ਼ੀਡੈਂਟ ਡਾਕਟਰ ਸ਼ਾਮਲ ਹੈ। ਮੈਡੀਕਲ ਐਸੋਸੀਏਸ਼ਨ, ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (ਐੱਫਏਆਈਐੱਮਏ) ਨੇ ਦਾਅਵਾ ਕੀਤਾ ਹੈ ਕਿ ਹਾਦਸੇ ਸਮੇਂ ਵਿਦਿਆਰਥੀ ਹੋਸਟਲ ਵਿੱਚ ਦੁਪਹਿਰ ਦਾ ਖਾਣਾ ਖਾ ਰਹੇ ਸਨ। ਹਾਦਸੇ ਵਾਲੀ ਥਾਂ ’ਤੇ ਮੈੱਸ ਦੇ ਮੇਜ਼ਾਂ ’ਤੇ ਭੋਜਨ ਅਤੇ ਗਲਾਸ ਰੱਖੇ ਹੋਏ ਦਿਖ ਰਹੇ ਹਨ। ਜਹਾਜ਼ ਦਾ ਇਕ ਹਿੱਸਾ ਇਮਾਰਤ ਦੀ ਦੂਜੀ ਮੰਜ਼ਿਲ ’ਤੇ ਫਸ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਜਾਂ ਜ਼ਖ਼ਮੀਆਂ ਦੀ ਗਿਣਤੀ ਵਧ ਸਕਦੀ ਹੈ। ਪੀੜਤਾਂ ਦੀ ਪਛਾਣ ਕਰਨ ਲਈ ਹਸਪਤਾਲ ਵਿੱਚ ਡੀਐੱਨਏ ਪਰੀਖਣ ਕੀਤਾ ਜਾ ਰਿਹਾ ਹੈ। ਯਾਤਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਡੀਐੱਨਏ ਦੇ ਨਮੂਨੇ ਜਮ੍ਹਾਂ ਕਰਨ ਦੀ ਅਪੀਲ ਕੀਤੀ ਗਈ ਹੈ। ਅਹਿਮਦਾਬਾਦ ਦੇ ਸਿਵਲ ਹਸਪਤਾਲ ਪੁੱਜੀ ਰਮੀਲਾ ਨੇ ਕਿਹਾ, ‘‘ਮੇਰਾ ਪੁੱਤਰ ਦੁਪਹਿਰ ਦੇ ਖਾਣੇ ਦੌਰਾਨ ਹੋਸਟਲ ਗਿਆ ਸੀ ਅਤੇ ਜਹਾਜ਼ ਉੱਥੇ ਹੀ ਹਾਦਸਾਗ੍ਰਸਤ ਹੋ ਗਿਆ। ਮੇਰਾ ਪੁੱਤਰ ਸੁਰੱਖਿਅਤ ਹੈ ਅਤੇ ਮੈਂ ਉਸ ਨਾਲ ਗੱਲ ਕੀਤੀ ਹੈ। ਉਹ ਦੂਜੀ ਮੰਜ਼ਿਲ ਤੋਂ ਛਾਲ ਮਾਰ ਗਿਆ ਸੀ, ਇਸ ਵਾਸਤੇ ਕੁਝ ਸੱਟਾਂ ਲੱਗੀਆਂ ਹਨ।’’
ਜੂਨੀਅਰ ਡਾਕਟਰਜ਼ ਐਸੋਸੀਏਸ਼ਨ ਵੱਲੋਂ ਜ਼ਖ਼ਮੀਆਂ ਲਈ ਖ਼ੂਨਦਾਨ ਕਰਨ ਦੀ ਅਪੀਲ
ਬੀਜੇ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਜੂਨੀਅਰ ਡਾਕਟਰਜ਼ ਐਸੋਸੀਏਸ਼ਨ ਨੇ ਜ਼ਖ਼ਮੀਆਂ ਦੀ ਸੇਵਾ ਲਈ ਖ਼ੂਨਦਾਨ ਕਰਨ ਦੀ ਅਪੀਲ ਕੀਤੀ ਹੈ। ਐਸੋਸੀਏਸ਼ਨ ਨੇ ਇਕ ਜਨਤਕ ਬਿਆਨ ਵਿੱਚ ਕਿਹਾ, ‘‘ਅਸੀਂ ਹਾਲ ਹੀ ਵਿੱਚ ਹੋਏ ਜਹਾਜ਼ ਹਾਦਸੇ ਦੀ ਮੰਦਭਾਗੀ ਖ਼ਬਰ ਤੋਂ ਕਾਫੀ ਦੁਖੀ ਹਾਂ। ਅਸੀਂ ਇਸ ਘਟਨਾ ਤੋਂ ਪ੍ਰਭਾਵਿਤ ਸਾਰੇ ਵਿਅਕਤੀਆਂ ਅਤੇ ਪਰਿਵਾਰਕ ਮੈਂਬਰਾਂ ਪ੍ਰਤੀ ਦਿਲੋਂ ਅਫ਼ਸੋਸ ਜ਼ਾਹਿਰ ਕਰਦੇ ਹਾਂ। ਅਜਿਹੇ ਮੰਦਭਾਗੇ ਸਮੇਂ ਵਿੱਚ ਹਰੇਕ ਪਰਿਵਾਰ ਅਤੇ ਵਿਅਕਤੀ ਨਿੱਜਤਾ, ਸੰਵੇਦਨਸ਼ੀਲਤਾ ਅਤੇ ਸਤਿਕਾਰਯੋਗ ਸਮਰਥਨ ਦਾ ਹੱਕਦਾਰ ਹੈ।’’
ਲੋੜਵੰਦਾਂ ਦੀ ਮਦਦ ਲਈ ਕੰਮ ਕਰ ਰਹੀ ਹੈ ਏਅਰ ਇੰਡੀਆ ਦੀ ਟੀਮ: ਸੀਈਓ
ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਮੈਨੇਜਿੰਗ ਡਾਇਰੈਕਟਰ ਕੈਂਪਬੈੱਲ ਵਿਲਸਨ ਨੇ ਹਵਾਬਾਜ਼ੀ ਕੰਪਨੀ ਦੇ ਬੋਇੰਗ 787-8 ਜਹਾਜ਼ ਦੇ ਹਾਦਸਾਗ੍ਰਸਤ ਹੋਣ ’ਤੇ ਦੁੱਖ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਇਹ ਏਅਰ ਇੰਡੀਆ ’ਚ ਸਾਰਿਆਂ ਲਈ ਇੱਕ ਮੁਸ਼ਕਲ ਦਿਨ ਹੈ। ਵਿਲਸਨ ਨੇ ਇੱਕ ਵੀਡੀਓ ਬਿਆਨ ’ਚ ਕਿਹਾ, ‘‘ਹਵਾਬਾਜ਼ੀ ਕੰਪਨੀ ਸਾਰੀਆਂ ਐਮਰਜੈਂਸੀ ਕੋਸ਼ਿਸ਼ਾਂ ’ਚ ਅਥਾਰਟੀ ਨਾਲ ਮਿਲ ਕੇ ਲੋੜਵੰਦਾਂ ਦੀ ਸਹਾਇਤਾ ਲਈ ਸਰਗਰਮੀ ਨਾਲ ਕੰਮ ਰਹੀ ਹੈ। ਸਾਡਾ ਪੂਰਾ ਧਿਆਨ ਸਾਡੇ ਯਾਤਰੀਆਂ, ਅਮਲੇ ਦੇ ਮੈਂਬਰਾਂ, ਉਨ੍ਹਾਂ ਦੇ ਪਰਿਵਾਰਾਂ ਤੇ ਹਮਦਰਦਾਂ ਦੀਆਂ ਲੋੜਾਂ ’ਤੇ ਕੇਂਦਰਤ ਹੈ।’’ -ਪੀਟੀਆਈ
ਨਿੱਜੀ ਤੌਰ ’ਤੇ ਹਾਲਾਤ ਦੀ ਨਿਗਰਾਨੀ ਕਰ ਰਿਹਾ ਹਾਂ: ਨਾਇਡੂ
ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਨੇ ਜਹਾਜ਼ ਹਾਦਸੇ ’ਤੇ ਦੁੱਖ ਜ਼ਾਹਿਰ ਕੀਤਾ ਅਤੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਹਾਲਾਤ ਦੀ ਨਿਗਰਾਨੀ ਕਰ ਰਹੇ ਹਨ। ਨਾਇਡੂ ਨੇ ਕਿਹਾ, ‘‘ਅਸੀਂ ਸਭ ਤੋਂ ਉੱਪਰਲੇ ਪੱਧਰ ਦੀ ਚੌਕਸੀ ਵਰਤ ਰਹੇ ਹਾਂ। ਮੈਂ ਨਿੱਜੀ ਤੌਰ ’ਤੇ ਹਾਲਾਤ ਦੀ ਨਿਗਰਾਨੀ ਕਰ ਰਿਹਾ ਹਾਂ ਅਤੇ ਸਾਰੀਆਂ ਹਵਾਬਾਜ਼ੀ ਅਤੇ ਐਮਰਜੈਂਸੀ ਰਿਸਪੌਂਸ ਏਜੰਸੀਆਂ ਨੂੰ ਤੁਰੰਤ ਅਤੇ ਤਾਲਮੇਲ ਨਾਲ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।’’ ਉਨ੍ਹਾਂ ਬਾਅਦ ਦੁਪਹਿਰ ‘ਐੱਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਬਚਾਅ ਦਲ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਡਾਕਟਰੀ ਸਹਾਇਤਾ ਤੇ ਰਾਹਤ ਸਹਾਇਤਾ ਘਟਨਾ ਸਥਾਨ ’ਤੇ ਪਹੁੰਚਾਉਣ ਲਈ ਸਾਰੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।’’ ਮੰਤਰੀ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਵਿਜੈਵਾੜਾ ਤੋਂ ਅਹਿਮਦਾਬਾਦ ਪਹੁੰਚੇ।
ਏਏਆਈਬੀ ਵੱਲੋਂ ਜਾਂਚ ਸ਼ੁਰੂ
ਨਵੀਂ ਦਿੱਲੀ: ਅਹਿਮਦਾਬਾਦ ਹਵਾਈ ਅੱਡੇ ’ਤੇ ਅੱਜ ਹੋਏ ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਜਹਾਜ਼ ਹਾਦਸਾ ਜਾਂਚ ਬਿਊਰੋ (ਏਏਆਈਬੀ) ਨੇ ਸ਼ੁਰੂ ਕਰ ਦਿੱਤੀ ਹੈ। ਏਏਆਈਬੀ ਦੇ ਡਾਇਰੈਕਟਰ ਜਨਰਲ ਅਤੇ ਏਜੰਸੀ ਵਿੱਚ ਜਾਂਚ ਡਾਇਰੈਕਟਰ ਸਣੇ ਹੋਰ ਲੋਕ ਅਹਿਮਦਾਬਾਦ ਲਈ ਰਵਾਨਾ ਹੋਣਗੇ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਧੀਨ ਏਏਆਈਬੀ ਭਾਰਤੀ ਹਵਾਈ ਖੇਤਰ ਵਿੱਚ ਉਡਾਣਾਂ ਭਰਨ ਵਾਲੇ ਜਹਾਜ਼ਾਂ ਦੀ ਸੁਰੱਖਿਆ ਨਾਲ ਜੁੜੀਆਂ ਘਟਨਾਵਾਂ ਦਾ ਹਾਦਸਿਆਂ ਅਤੇ ਗੰਭੀਰ ਘਟਨਾਵਾਂ ਵਿੱਚ ਵਰਗੀਕਰਨ ਕਰਨ ਦੀ ਜ਼ਿੰਮੇਵਾਰੀ ਸੰਭਾਲਦਾ ਹੈ। ਇਹ ਹਾਦਸਿਆਂ ਦੀ ਵਿਸਥਾਰ ਵਿੱਚ ਜਾਂਚ ਕਰਦਾ ਹੈ ਅਤੇ ਸੁਰੱਖਿਆ ਵਿੱਚ ਸੁਧਾਰ ਲਈ ਵੱਖ-ਵੱਖ ਉਪਾਵਾਂ ਦੇ ਸੁਝਾਅ ਵੀ ਦਿੰਦਾ ਹੈ। ਉੱਧਰ, ਬੋਇੰਗ ਨੇ ਇਕ ਬਿਆਨ ਵਿੱਚ ਕਿਹਾ, ‘‘ਸਾਨੂੰ ਸ਼ੁਰੂਆਤੀ ਰਿਪੋਰਟਾਂ ਬਾਰੇ ਜਾਣਕਾਰੀ ਹੈ ਅਤੇ ਅਸੀਂ ਵਧੇਰੇ ਜਾਣਕਾਰੀ ਇਕੱਤਰ ਕਰਨ ਲਈ ਕੰਮ ਕਰ ਰਹੇ ਹਾਂ।’’ -ਪੀਟੀਆਈ