ਜਹਾਜ਼ ਹਾਦਸਾ: ਕੇਂਦਰ ਵੱਲੋਂ ਉੱਚ ਪੱਧਰੀ ਜਾਂਚ ਕਮੇਟੀ ਕਾਇਮ
ਨਵੀਂ ਦਿੱਲੀ/ਅਹਿਮਦਾਬਾਦ, 14 ਜੂਨ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਹੇਠ ਉੱਚ ਪੱਧਰੀ ਕਮੇਟੀ ਬਣਾਈ ਹੈ ਜੋ ‘ਭਵਿੱਖ ’ਚ ਅਜਿਹੀਆਂ ਘਟਨਾਵਾਂ ਰੋਕਣ ਤੇ ਉਨ੍ਹਾਂ ਨਾਲ ਨਜਿੱਠਣ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ ਤਿਆਰ ਕਰਨ ’ਤੇ ਧਿਆਨ ਕੇਂਦਰਿਤ ਕਰੇਗੀ। ਉੱਧਰ ਏਅਰ ਇੰਡੀਆ ਜਹਾਜ਼ ਹਾਦਸੇ ਮਗਰੋਂ ਹੁਣ ਤੱਕ ਕੁੱਲ 270 ਲਾਸ਼ਾਂ ਅਹਿਮਦਾਬਾਦ ਸਿਵਲ ਹਸਪਤਾਲ ਲਿਆਂਦੀਆਂ ਗਈਆਂ ਹਨ, ਜਿਨ੍ਹਾਂ ’ਚੋਂ ਡੀਐੱਨਏ ਸੈਂਪਲਾਂ ਦੇ ਆਧਾਰ ’ਤੇ 11 ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਦੂਜੇ ਪਾਸੇ ਹਾਦਸੇ ’ਚ ਨੁਕਸਾਨੇ ਬੀਜੇ ਮੈਡੀਕਲ ਕਾਲਜ ਦੇ ਹੋਸਟਲਾਂ ਨੂੰ ਜਾਂਚ ਦੇ ਸਿਲਸਿਲੇ ’ਚ ਖਾਲੀ ਕਰਵਾਇਆ ਜਾ ਰਿਹਾ ਹੈ ਅਤੇ ਹਾਦਸੇ ਵਾਲੀ ਥਾਂ ’ਤੇ ਕੇਂਦਰੀ ਤੇ ਰਾਜ ਸਰਕਾਰ ਦੀਆਂ ਏਜੰਸੀਆਂ ਤੋਂ ਇਲਾਵਾ ਕੌਮੀ ਸੁਰੱਖਿਆ ਗਾਰਡ (ਐੱਨਐੱਸਜੀ) ਦੀ ਟੀਮ ਵੀ ਤਾਇਨਾਤ ਕੀਤੀ ਗਈ ਹੈ। ਇਸ ਹਾਦਸੇ ’ਚ ਬਚੇ ਇੱਕੋ-ਇੱਕ ਯਾਤਰੀ ਵਿਸ਼ਵਾਸ ਕੁਮਾਰ ਰਮੇਸ਼ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਕਿਹਾ ਕਿ ਅਹਿਮਦਾਬਾਦ ’ਚ ਵਾਪਰੇ ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ ਤੇ ਜਾਂਚ ਸੁਚਾਰੂ ਢੰਗ ਨਾਲ ਅੱਗੇ ਵੱਧ ਰਹੀ ਹੈ। ਮੰਤਰਾਲੇ ਨੇ ਕਿਹਾ ਕਿ ਕਮੇਟੀ ‘ਭਵਿੱਖ ’ਚ ਅਜਿਹੀਆਂ ਘਟਨਾਵਾਂ ਰੋਕਣ ਤੇ ਉਨ੍ਹਾਂ ਨਾਲ ਨਜਿੱਠਣ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ ਤਿਆਰ ਕਰਨ ’ਤੇ ਧਿਆਨ ਕੇਂਦਰਿਤ ਕਰੇਗੀ ਅਤੇ ਤਿੰਨ ਮਹੀਨੇ ਅੰਦਰ ਆਪਣੀ ਰਿਪੋਰਟ ਪ੍ਰਕਾਸ਼ਤ ਕਰੇਗੀ।’ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਕਿਹਾ, ‘ਬਲੈਕ ਬਾਕਸ ਦੀ ਡੀਕੋਡਿੰਗ ਨਾਲ, ਜਹਾਜ਼ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਕੀ ਹੋਇਆ ਸੀ, ਬਾਰੇ ਪੂਰੀ ਜਾਣਕਾਰੀ ਮਿਲ ਸਕੇਗੀ।’ ਉਨ੍ਹਾਂ ਕਿਹਾ ਕਿ ਦੇਸ਼ ’ਚ ਜਹਾਜ਼ ਸੁਰੱਖਿਆ ਦੇ ਬਹੁਤ ਸਖ਼ਤ ਤੇ ਮਜ਼ਬੂਤ ਪ੍ਰੋਟੋਕੋਲ ਹਨ ਅਤੇ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘ਜਹਾਜ਼ ਹਾਦਸੇ ਬਾਰੇ ਜੋ ਵੀ ਪੈਮਾਨੇ ਹਨ, ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ।’ ਸ਼ਹਿਰੀ ਹਵਾਬਾਜ਼ੀ ਸਕੱਤਰ ਸਮੀਰ ਕੁਮਾਰ ਸਿਨਹਾ ਨੇ ਕਿਹਾ ਕਿ ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਸੁਚਾਰੂ ਢੰਗ ਨਾਲ ਜਾਰੀ ਹੈ। ਹਵਾਈ ਹਾਦਸਾ ਜਾਂਚ ਬਿਊਰੋ (ਏਏਆਈਬੀ) ਹਾਦਸੇ ਦੀ ਜਾਂਚ ਕਰ ਰਿਹਾ ਹੈ। ਪੱਤਰਕਾਰ ਸੰਮੇਲਨ ਤੋਂ ਪਹਿਲਾਂ ਹਾਦਸੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਹਿਮਦਾਬਾਦ ਫਾਇਰ ਬ੍ਰਿਗੇਡ ਤੇ ਐਮਰਜੈਂਸੀ ਸੇਵਾ (ਏਐੱਫਈਐੱਸ) ਨੇ ਜਹਾਜ਼ ਹਾਦਸੇ ਵਾਲੀ ਥਾਂ ਤੋਂ 24 ਘੰਟਿਆਂ ਅੰਦਰ ਲਾਸ਼ ਤੇ ਮਨੁੱਖੀ ਸਰੀਰ ਦੇ ਕੁਝ ਅੰਗ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਪਹਿਲਾਂ ਮ੍ਰਿਤਕਾਂ ਦੀ ਗਿਣਤੀ 265 ਦੱਸੀ ਸੀ। ਬੀਜੇ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਧਵਲ ਗਾਮੇਤੀ ਨੇ ਦੱਸਿਆ, ‘ਜਹਾਜ਼ ਹਾਦਸੇ ਵਾਲੀ ਥਾਂ ਤੋਂ ਹੁਣ ਤੱਕ ਤਕਰੀਬਨ 270 ਲਾਸ਼ਾਂ ਸਿਵਲ ਹਸਪਤਾਲ ਲਿਆਂਦੀਆਂ ਗਈਆਂ ਹਨ।’ ਸਿਵਲ ਹਸਪਤਾਲ ਦੇ ਵਧੀਕ ਸਿਵਲ ਸੁਪਰਡੈਂਟ ਡਾ. ਰਜਨੀਸ਼ ਪਟੇਲ ਨੇ ਦੱਸਿਆ ਕਿ 11 ਡੀਐੱਨਏ ਨਮੂਨਿਆਂ ਦੇ ਨਤੀਜੇ ਆ ਗਏ ਹਨ ਤੇ ਉਨ੍ਹਾਂ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਫੋਨ ’ਤੇ ਸੂਚਿਤ ਕਰ ਦਿੱਤਾ ਗਿਆ ਹੈ। ਬਾਕੀ ਡੀਐੱਨਏ ਨਮੂਨਿਆਂ ਦਾ ਮਿਲਾਨ ਕਰਕੇ ਲਾਸ਼ਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਵਧੀਕ ਮੁੱਖ ਫਾਇਰ ਬ੍ਰਿਗੇਡ ਅਧਿਕਾਰੀ ਜਯੇਸ਼ ਖੜੀਆ ਨੇ ਕਿਹਾ, ‘ਹਾਦਸੇ ਵਾਲੀ ਥਾਂ ’ਤੇ ਜਾਰੀ ਜਾਂਚ ’ਚ ਫੋਰੈਂਸਿਕ ਤੇ ਜਹਾਜ਼ ਮਾਹਿਰਾਂ ਦੀ ਮਦਦ ਕਰ ਰਹੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਬੀਤੇ ਦਿਨ ਕੰਟੀਨ ਦੇ ਮਲਬੇ ਹੇਠੋਂ ਕੁਝ ਲਾਸ਼ਾਂ ਮਿਲੀਆਂ ਸਨ ਤੇ ਜਦਕਿ ਅੱਜ ਸਵੇਰੇ ਇੱਕ ਹੋਰ ਲਾਸ਼ ਮਿਲੀ ਹੈ।’ ਇਸੇ ਦਰਮਿਆਨ ਜਹਾਜ਼ ਹਾਦਸੇ ਵਾਲੀ ਥਾਂ ’ਤੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਏਜੰਸੀਆਂ ਤੋਂ ਇਲਾਵਾ ਕੌਮੀ ਸੁਰੱਖਿਆ ਗਾਰਡ (ਐੱਨਐੱਸਜੀ) ਦੀ ਇੱਕ ਟੀਮ ਵੀ ਤਾਇਨਾਤ ਕੀਤੀ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਐੱਨਐੱਸਜੀ ਦੀ ਟੀਮ ਨੂੰ ਰਾਹਤ ਕੰਮਾਂ ’ਚ ਹੋਰ ਏਜੰਸੀਆਂ ਦੀ ਮਦਦ ਲਈ ਤਾਇਨਾਤ ਕੀਤਾ ਗਿਆ ਹੈ। ਉੱਧਰ ਬੀਜੇ ਮੈਡੀਕਲ ਕਾਲਜ ਦੀ ਡੀਨ ਮੀਨਾਕਸ਼ੀ ਪਾਰਿਖ ਨੇ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਧੀਨ ਆਉਂਦੇ ਹਵਾਈ ਹਾਦਸਾ ਜਾਂਚ ਬਿਊਰੋ (ਏਆਈਆਈਬੀ) ਹਾਦਸੇ ਦੀ ਜਾਂਚ ਕਰਨਾ ਚਾਹੁੰਦਾ ਹੈ। ਇਸ ਲਈ ਹੋਸਟਲ ਖਾਲੀ ਕਰਵਾਏ ਜਾ ਰਹੇ ਹਨ। -ਪੀਟੀਆਈ
ਨੌਂ ਬੋਇੰਗ 787 ਡਰੀਮਲਾਈਨਰਜ਼ ਦੀ ਜਾਂਚ ਮੁਕੰਮਲ
ਨਵੀਂ ਦਿੱਲੀ: ਏਅਰ ਇੰਡੀਆ ਨੇ ਅੱਜ ਕਿਹਾ ਕਿ ਉਸ ਨੇ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਦੀਆਂ ਹਦਾਇਤਾਂ ਅਨੁਸਾਰ ਆਪਣੇ ਨੌਂ ਬੋਇੰਗ 787 ਡਰੀਮਲਾਈਨਰਜ਼ ਦੀ ਇੱਕ ਵਾਰੀ ਸੁਰੱਖਿਆ ਜਾਂਚ ਮੁਕੰਮਲ ਕਰ ਲਈ ਹੈ। ਏਅਰ ਲਾਈਨ ਨੇ ਨਾਲ ਹੀ ਕਿਹਾ ਕਿ ਉਹ ਅਜਿਹੇ ਬਾਕੀ 24 ਜਹਾਜ਼ਾਂ ਦੀ ਜਾਂਚ ਪੂਰੀ ਕਰਨ ਦੀ ਦਿਸ਼ਾ ’ਚ ਅੱਗੇ ਵੱਧ ਰਹੀ ਹੈ। ਏਅਰ ਲਾਈਨ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਜਾਂਚ ਸਬੰਧੀ ਕਾਰਨਾਂ ਕਰਕੇ ਕੁਝ ਲੰਮੀ ਦੂਰੀ ਦੀਆਂ ਉਡਾਣਾਂ ’ਚ ਵੱਧ ਸਮਾਂ ਲਗ ਸਕਦਾ ਹੈ ਅਤੇ ਦੇਰੀ ਹੋ ਸਕਦੀ ਹੈ। ਖਾਸ ਕਰਕੇ ਉਨ੍ਹਾਂ ਹਵਾਈ ਅੱਡਿਆਂ ’ਤੇ ਜਿੱਥੇ ਸੰਚਾਲਨ ’ਤੇ ਰੋਕ ਹੈ।’ -ਪੀਟੀਆਈ
ਬੀਮਾ ਕੰਪਨੀਆਂ ਨੇ ਦਾਅਵਾ ਪ੍ਰਕਿਰਿਆ ਸੁਖਾਲੀ ਕੀਤੀ
ਨਵੀਂ ਦਿੱਲੀ: ਬੀਮਾ ਕੰਪਨੀਆਂ ਐੱਬਸੀਆਈ ਲਾਈਫ, ਐੱਚਡੀਐੱਫਸੀ ਲਾਈਫ ਤੇ ਆਈਸੀਆਈਸੀਆਈ ਲੋਂਬਾਰਡ ਨੇ ਅੱਜ ਕਿਹਾ ਕਿ ਉਨ੍ਹਾਂ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਲਈ ਦਾਅਵੇ ਨਿਬੇੜਨ ਦੀ ਪ੍ਰਕਿਰਿਆ ਸੁਖਾਲੀ ਬਣਾ ਦਿੱਤੀ ਹੈ। ਐੱਸਬੀਆਈ ਲਾਈਫ ਨੇ ਬਿਆਨ ’ਚ ਕਿਹਾ ਕਿ ਦਾਅਵਾ ਫਾਰਮ, ਪਾਲਿਸੀ ਦਸਤਾਵੇਜ਼ ਤੇ ਕੇਵਾਈਸੀ ਅਤੇ ਨਾਮਜ਼ਦ ਵਿਅਕਤੀ ਦੇ ਬੈਂਕ ਖਾਤੇ ਦੇ ਵੇਰਵੇ ਜਿਹੇ ਘੱਟੋ ਘੱਟ ਦਸਤਾਵੇਜ਼ਾਂ ਨਾਲ ਦਾਅਵਾ ਪੇਸ਼ ਕੀਤਾ ਜਾ ਸਕਦਾ ਹੈ। ਐੱਚਡੀਐੱਫਸੀ ਨੇ ਕਿਹਾ ਕਿ ਨਾਮਜ਼ਦ ਵਿਅਕਤੀ ਜਾਂ ਕਾਨੂੰਨੀ ਉਤਰਾਧਿਕਾਰੀ ਹੁਣ ਸਥਾਨਕ ਅਧਿਕਾਰੀਆਂ ਤੋਂ ਮੌਤ ਦੇ ਸਰਟੀਫਿਕੇਟ ਨਾਲ ਹੀ ਦਾਅਵਾ ਸ਼ੁਰੂ ਕਰ ਸਕਦੇ ਹਨ। ਆਈਸੀਆਈਸੀਆਈ ਲੋਂਬਾਰਡ ਨੇ ਕਿਹਾ ਕਿ ਉਹ ਦਾਅਵਿਆਂ ਦਾ ਪੂਰਨ ਤੇ ਸਮੇਂ ’ਤੇ ਮੁਲਾਂਕਣ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰ ਰਹੀ ਹੈ। -ਪੀਟੀਆਈ
ਪੀੜਤਾਂ ਨੂੰ 25-25 ਲੱਖ ਰੁਪਏ ਦਾ ਅੰਤਰਿਮ ਭੁਗਤਾਨ ਕਰੇਗੀ ਏਅਰ ਇੰਡੀਆ
ਮੁੰਬਈ, 14 ਜੂਨ
ਹਵਾਈ ਸੇਵਾ ਕੰਪਨੀ ਏਅਰ ਇੰਡੀਆ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਅਹਿਮਦਾਬਾਦ ਜਹਾਜ਼ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਤੇ ਜਿਊਂਦੇ ਬਚੇ ਲੋਕਾਂ ਨੂੰ 25-25 ਲੱਖ ਰੁਪਏ ਦਾ ਅੰਤਰਿਮ ਭੁਗਤਾਨ ਕਰੇਗੀ। ਏਅਰ ਇੰਡੀਆ ਨੇ ਇੱਕ ਬਿਆਨ ’ਚ ਦੱਸਿਆ ਕਿ ਇਹ ਅੰਤਰਿਮ ਭੁਗਤਾਨ ਮੂਲ ਕੰਪਨੀ ‘ਟਾਟਾ ਸਨਜ਼’ ਵੱਲੋਂ ਪਹਿਲਾਂ ਐਲਾਨੇ ਗਏ ਇੱਕ-ਇੱਕ ਕਰੋੜ ਰੁਪਏ ਦੇ ਮੁਆਵਜ਼ੇ ਤੋਂ ਵੱਖਰਾ ਹੈ। ਏਅਰ ਇੰਡੀਆ ਨੇ ਕਿਹਾ, ‘ਸਾਡੀਆਂ ਲਗਾਤਾਰ ਕੋਸ਼ਿਸ਼ਾਂ ਤਹਿਤ ਏਅਰ ਇੰਡੀਆ ਤੁਰੰਤ ਵਿੱਤੀ ਲੋੜਾਂ ਪੂਰੀਆਂ ਕਰਨ ’ਚ ਮਦਦ ਕਰਨ ਲਈ ਮ੍ਰਿਤਕਾਂ ਦੇ ਪਰਿਵਾਰਾਂ ਤੇ ਜਿਊਂਦੇ ਬਚੇ ਲੋਕਾਂ ਨੂੰ 25-25 ਲੱਖ ਰੁਪਏ ਜਾਂ ਤਕਰੀਬਨ 21 ਹਜ਼ਾਰ ਬਰਤਾਨਵੀਂ ਪੌਂਡ ਦਾ ਅੰਤਰਿਮ ਭੁਗਤਾਨ ਕਰੇਗੀ।’ -ਪੀਟੀਆਈ
ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੀ ਦਸੰਬਰ ’ਚ ਮੁੜ ਹੋਣੀ ਸੀ ਮੁਕੰਮਲ ਜਾਂਚ
ਨਵੀਂ ਦਿੱਲੀ: ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ 12 ਜੂਨ ਨੂੰ ਹਾਦਸੇ ਦਾ ਸ਼ਿਕਾਰ ਹੋਏ ਏਅਰ ਇੰਡੀਆ ਦੇ ਬੋਇੰਗ 787-8 ਡਰੀਮਲਾਈਨਰ ਜਹਾਜ਼ ਦੀ ਜੂਨ 2023 ’ਚ ਵਿਆਪਕ ਜਾਂਚ ਹੋਈ ਸੀ ਅਤੇ ਇਸ ਸਾਲ ਦਸੰਬਰ ’ਚ ਉਸ ਦੀ ਮੁੜ ਤੋਂ ਵਿਆਪਕ ਜਾਂਚ ਕੀਤੀ ਜਾਣੀ ਸੀ। ਅਧਿਕਾਰੀਆਂ ਨੇ ਅੱਜ ਕਿਹਾ ਕਿ ਜਹਾਜ਼ ਵੀਟੀ-ਏਐੱਨਬੀ ਦੀ ਜੂਨ 2023 ’ਚ ‘ਸੀ’ (ਕੰਪਰੀਹੈਂਸਿਵ) ਜਾਂ ਵਿਆਪਕ ਤੌਰ ’ਤੇ ਜਾਂਚ ਹੋਈ ਸੀ ਅਤੇ ਅਗਲੀ ਅਜਿਹੀ ਹੀ ਜਾਂਚ ਇਸ ਸਾਲ ਦਸੰਬਰ ’ਚ ਹੋਣੀ ਸੀ। ‘ਸੀ’ ਜਾਂਚ ਏਆਈਈਐੱਸਐੱਲ (ਏਆਈ ਇੰਜਨੀਅਰਿੰਗ ਸਰਵਿਸਿਜ਼ ਲਿਮਿਟਡ) ਵੱਲੋਂ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਤਕਰੀਬਨ 12 ਸਾਲ ਪੁਰਾਣੇ ਜਹਾਜ਼ ਦੇ ਸੱਜੇ ਹਿੱਸੇ ਦੇ ਇੰਜਣ ਦੀ ਮੁਰੰਮਤ ਕਰਕੇ ਉਸ ਨੂੰ ਮਾਰਚ 2025 ’ਚ ਲਾਇਆ ਗਿਆ ਸੀ ਜਦਕਿ ਖੱਬੇ ਹਿੱਸੇ ਦੇ ਇੰਜਣ ਦਾ ਨਿਰੀਖਣ ਇੰਜਣ ਨਿਰਮਾਤਾ ਦੇ ਪ੍ਰੋਟੋਕੋਲ ਅਨੁਸਾਰ ਅਪਰੈਲ 2025 ’ਚ ਕੀਤਾ ਗਿਆ ਸੀ। -ਪੀਟੀਆਈ