ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੈਣਾ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਦਾ ਘਨੌਲੀ ਨੇੜੇ ਟੈਂਪੂ ਪਲਟਿਆ; 20 ਜ਼ਖਮੀ

ਹਾਦਸੇ ਮਗਰੋਂ ਸਾਮਾਨ ਦੀ ਰਾਖੀ ਲਈ ਖੜ੍ਹੇ ਦੋ ਹੋਰ ਵਿਅਕਤੀਆਂ ਨੂੰ ਅਣਪਛਾਤੇ ਵਾਹਨ ਨੇ ਫੇਟ ਮਾਰੀ
ਸਰਕਾਰੀ ਹਸਪਤਾਲ ਵਿੱਚ ਜ਼ਖ਼ਮੀਆਂ ਦਾ ਹਾਲ ਪੁੱਛਦੇ ਹੋਏ ਤਹਿਸੀਲਦਾਰ।
Advertisement

ਘਨੌਲੀ (ਜਗਮੋਹਨ ਸਿੰਘ): ਇੱਥੇ ਅੱਜ ਕੌਮੀ ਮਾਰਗ ਨੰਬਰ 205 ’ਤੇ ਘਨੌਲੀ ਦੀ ਹੱਡਾਂਰੋੜੀ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਸ਼ਰਧਾਲੂਆਂ ਦਾ ਭਰਿਆ ਟੈਂਪੂ ਪਲਟਣ ਕਾਰਨ 20 ਵਿਅਕਤੀ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸ਼ਰਧਾਲੂ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਨ ਉਪਰੰਤ ਟੈਂਪੂ ਨੰਬਰ ਪੀਬੀ10ਐੱਚਕਿਊ-3506 ਰਾਹੀਂ ਵਾਪਸ ਪਰਤ ਰਹੇ ਸਨ। ਇਸ ਦੌਰਾਨ ਘਨੌਲੀ ਦੀ ਹੱਡਾਂਰੋੜੀ ਨੇੜੇ ਅਵਾਰਾ ਕੁੱਤੇ ਅਚਾਨਕ ਸੜਕ ’ਤੇ ਆ ਗਏ, ਜਿਨ੍ਹਾਂ ਕਰ ਕੇ ਟੈਂਪੂ ਦਾ ਡਰਾਈਵਰ ਸੰਤੁਲਨ ਗੁਆ ਬੈਠਾ ਤੇ ਟੈਂਪੂ ਸੜਕ ਕਿਨਾਰੇ ਪਲਟ ਗਿਆ। ਇਸ ਦੌਰਾਨ ਟੈਂਪੂ ’ਚ ਸਵਾਰ 20 ‌ਸ਼ਰਧਾਲੂ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਹਾਈਵੇਅ ਪੈਟਰੋਲਿੰਗ ਪਾਰਟੀ ਅਤੇ 108 ਨੰਬਰ ਐਂਬੂਲੈਂਸ ਰਾਹੀਂ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ਵਿੱਚੋਂ ਤਿੰਨ ਜ਼ਖ਼ਮੀਆਂ ਮੀਨਾਕਸ਼ੀ (2) ਪੁੱਤਰੀ ਸੂਰਜ, ਮੀਨਾ ਪਤਨੀ ਵਿਨੋਦ ਤੇ ਪੁਸ਼ਪਾ ਪਤਨੀ ਸੁਭਾਸ਼ ਕੁਮਾਰ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉੱਧਰ, ਹਾਦਸੇ ਦੌਰਾਨ ਸੁਰੱਖਿਅਤ ਬਚੇ ਤਿੰਨ ਵਿਅਕਤੀ ਹਾਦਸਾਗ੍ਰਸਤ ਟੈਂਪੂ ਅਤੇ ਜ਼ਖ਼ਮੀਆਂ ਦੇ ਸਾਮਾਨ ਦੀ ਸੰਭਾਲ ਲਈ ਘਟਨਾ ਸਥਾਨ ’ਤੇ ਰੁਕ ਗਏ। ਇਸੇ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੂੰ ਫੇਟ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜ਼ਖਮੀਆਂ ਨੂੰ ਹਾਈਵੇਅ ਪੈਟਰੋਲਿੰਗ ਦੇ ਜਵਾਨ ਸਰਕਾਰੀ ਹਸਪਤਾਲ ਲੈ ਗਏ, ਜਿੱਥੋਂ ਇੱਕ ਵਿਅਕਤੀ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਹਾਦਸਾਗ੍ਰਸਤ ਟੈਂਪੂ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਐੱਸਡੀਐੱਮ ਰੂਪਨਗਰ ਹਰਬੰਸ ਸਿੰਘ ਨੇ ਤਹਿਸੀਲਦਾਰ ਜਸਪ੍ਰੀਤ ਸਿੰਘ ਨੂੰ ਮੌਕੇ ’ਤੇ ਭੇਜ ਕੇ ਜ਼ਖ਼ਮੀਆਂ ਦਾ ਹਾਲ‘ਚਾਲ ਪੁੱਛਿਆ।

Advertisement
Advertisement