ਸ਼ਰਧਾਲੂਆਂ ਦੀ ਪਿਕਅੱਪ ਪਲਟੀ, ਇਕ ਹਲਾਕ, 30 ਤੋਂ ਵੱਧ ਜ਼ਖ਼ਮੀ
ਮਨਸਾ ਦੇਵੀ ਮੰਦਰ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਮਹਿੰਦਰਾ ਪਿਕਅੱਪ ਗੱਡੀ ਦੇਰ ਰਾਤ ਬੇਕਾਬੂ ਹੋ ਕੇ ਪਲਟ ਗਈ। ਇਸ ਵਿੱਚ 35 ਤੋਂ ਵੱਧ ਸ਼ਰਧਾਲੂ ਸਵਾਰ ਸਨ। ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਲਗਪਗ 30 ਤੋਂ ਵੱਧ ਸ਼ਰਧਾਲੂ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਪੰਚਕੂਲਾ ਸੈਕਟਰ-6 ਹਸਪਤਾਲ ਲਿਜਾਇਆ ਗਿਆ, ਜਿੱਥੋਂ ਦਰਜਨ ਗੰਭੀਰ ਜ਼ਖਮੀਆਂ ਨੂੰ ਚੰਡੀਗੜ੍ਹ ਪੀ ਜੀ ਆਈ ਅਤੇ ਸੈਕਟਰ-32 ਹਸਪਤਾਲ ਰੈਫ਼ਰ ਕੀਤਾ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲੀਸ ਮੌਕੇ ‘ਤੇ ਪਹੁੰਚੇ। ਜਾਣਕਾਰੀ ਅਨੁਸਾਰ ਸਾਰੇ ਸ਼ਰਧਾਲੂ ਜ਼ੀਰਕਪੁਰ ਦੇ ਭਬਾਤ ਪਿੰਡ ਦੇ ਰਹਿਣ ਵਾਲੇ ਸਨ ਅਤੇ ਮਨਸਾ ਦੇਵੀ ਮੰਦਰ ਤੋਂ ਵਾਪਸ ਆ ਰਹੇ ਸਨ।
ਜਿਹੜੇ ਜ਼ੀਰਕਪੁਰ ਨਿਵਾਸੀ ਰਾਜ ਦੀ ਮੌਤ ਹੋਈ ਹੈ ਉਹ 18 ਸਾਲ ਦਾ ਸੀ ਅਤੇ ਜ਼ੀਕਰਪੁਰ ਵਿੱਚ ਰੇਡੀਮੇਟ ਦੀ ਦੁਕਾਨ ਚਲਾਉਂਦਾ ਸੀ। ਗੱਡੀ ਦੇ ਹੇਠਾਂ ਆਉਣ ਕਾਰਨ ਗੌਰਵ ਨਾਂ ਦੇ ਨੌਜਵਾਨ ਦਾ ਹੱਥ ਕੱਟ ਗਿਆ। ਡਾ. ਮਨਿੰਦਰ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ ਇੱਕ ਅਣਪਛਾਤਾ ਵਿਅਕਤੀ (40), ਅਮਿਤ (17), ਗੌਰਵ (11) ਨੂੰ ਪੀ ਜੀ ਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ। ਸ਼ਾਮ ਸੁੰਦਰ (32), ਵਿਜੈ (20), ਰਿਸ਼ੂ (12) ਅਤੇ ਪ੍ਰਿੰਸ (18) ਨੂੰ ਸੈਕਟਰ 32 ਹਸਪਤਾਲ ਰੈਫ਼ਰ ਕੀਤਾ ਗਿਆ ਹੈ, ਬਾਕੀਆਂ ਦਾ ਪੰਚਕੂਲਾ ਸੈਕਟਰ 6 ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਜ਼ਖਮੀਆਂ ਦੇ ਸਹੀ ਇਲਾਜ ਦਾ ਭਰੋਸਾ ਦਿੱਤਾ ਹੈ।
ਡੰਡੌਤ ਕਰ ਕੇ ਜਾ ਰਹੇ ਸ਼ਰਧਾਲੂ ’ਤੇ ਚੜ੍ਹਾਈ ਗੱਡੀ, ਮੌਕੇ ’ਤੇ ਮੌਤ
ਇੱਕ ਸ਼ਰਧਾਲੂ, ਜੋ ਡੰਡੌਤ ਕਰਦਾ ਹੋਇਆ ਮਨਸਾ ਦੇਵੀ ਮੰਦਰ ਜਾ ਰਿਹਾ ਸੀ, ਨੂੰ ਕਾਰ ਚਾਲਕ ਨੇ ਕੁਚਲ ਦਿੱਤਾ, ਅਤੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪੁਲੀਸ ਪਛਾਣ ਕਰ ਰਹੀ ਹੈ ਤੇ ਮਾਮਲੇ ਵਿੱਚ ਅਗਲੇਰੀ ਕਾਰਵਾਈ ਜਾਰੀ ਹੈ।