ਪੂਰਨ ਕੁਮਾਰ ਖ਼ੁਦਕੁਸ਼ੀ ਮਾਮਲਾ ਸੀ ਬੀ ਆਈ ਨੂੰ ਸੌਂਪਣ ਬਾਰੇ ਪਟੀਸ਼ਨ ਖਾਰਜ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਹੀਨਾ ਪਹਿਲਾਂ ਇਥੋਂ ਦੇ ਸੈਕਟਰ-11 ਸਥਿਤ ਘਰ ਵਿੱਚ ਹਰਿਆਣਾ ਦੇ ਆਈ ਪੀ ਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਵੱਲੋਂ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਸੀ ਬੀ ਆਈ ਨੂੰ ਸੌਂਪਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਹ ਫੈ਼ਸਲਾ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੀ ਅਗਵਾਈ ਵਾਲੇ ਬੈਂਚ ਵੱਲੋਂ ਸੁਣਾਇਆ ਗਿਆ। ਅਦਾਲਤ ਨੇ ਕਿਹਾ ਕਿ ਚੰਡੀਗੜ੍ਹ ਪੁਲੀਸ ਵੱਲੋਂ ਪੂਰਨ ਕੁਮਾਰ ਦੇ ਕਥਿਤ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਵਿੱਚ ਕਿਸੇ ਕਿਸਮ ਦੀ ਬੇਲੋੜੀ ਦੇਰ ਜਾਂ ਢਿੱਲ-ਮੱਠ ਨਹੀਂ ਕੀਤੀ ਤੇ ਇਸ ਕਾਰਨ ਮਾਮਲਾ ਸੀ ਬੀ ਆਈ ਨੂੰ ਸੌਂਪਣਾ ਠੀਕ ਨਹੀਂ।
ਹਰਿਆਣਾ ਦੀ ਸਮਾਜ ਸੇਵੀ ਜਥੇਬੰਦੀ ਦੇ ਪ੍ਰਧਾਨ ਨਵਨੀਤ ਕੁਮਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਪੂਰਨ ਕੁਮਾਰ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਵੱਲੋਂ ਕੀਤੀ ਜਾ ਰਹੀ ਜਾਂਚ ’ਤੇ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕੀਤੇ। ਪਟੀਸ਼ਨਰ ਦਾ ਕਹਿਣਾ ਸੀ ਕਿ ਪੂਰਨ ਕੁਮਾਰ ਵੱਲੋਂ ਕੀਤੀ ਖ਼ੁਦਕੁਸ਼ੀ ਦੇਸ਼ ਵਿਆਪੀ ਮਾਮਲਾ ਬਣ ਗਿਆ ਹੈ। ਇਸ ਦੌਰਾਨ ਪੁਲੀਸ ਨੂੰ ਪ੍ਰਾਪਤ ਖ਼ੁਦਕੁਸ਼ੀ ਪੱਤਰ ਵਿੱਚ ਹਰਿਆਣਾ ਦੇ ਡੀ ਜੀ ਪੀ ਸਣੇ ਹੋਰ ਕਈ ਸੀਨੀਅਰ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ। ਇਸ ਲਈ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲੀਸ ਤੋਂ ਕਰਵਾਉਣ ਦੀ ਥਾਂ ਸੀ ਬੀ ਆਈ ਵਰਗੀ ਜਾਂਚ ਏਜੰਸੀ ਤੋਂ ਕਰਵਾਈ ਜਾਵੇ। ਚੰਡੀਗੜ੍ਹ ਪ੍ਰਸ਼ਾਸਨ ਦੇ ਵਕੀਲ ਅਮਿਤ ਝਾਂਜੀ ਨੇ ਅਦਾਲਤ ਨੂੰ ਕਿਹਾ ਕਿ ਚੰਡੀਗੜ੍ਹ ਪੁਲੀਸ ਨੇ ਪੂਰਨ ਕੁਮਾਰ ਕਥਿਤ ਖ਼ੁਦਕੁਸ਼ੀ ਦੇ ਮਾਮਲੇ ਵਿੱਚ 14 ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ 22 ਜਣਿਆਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ।
