ਪੰਜਾਬ ’ਚ ਧੁੰਦ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਉੱਤਰ ਭਾਰਤ ਵਿੱਚ ਕਈ ਦਿਨਾਂ ਤੋਂ ਪੈ ਰਹੀ ਠੰਢ ਤੋਂ ਬਾਅਦ ਪੰਜਾਬ ਵਿੱਚ ਧੁੰਦ ਨੇ ਵੀ ਦਸਤਕ ਦੇ ਦਿੱਤੀ ਹੈ। ਅੱਜ ਸਵੇਰੇ ਕਈ ਜ਼ਿਲ੍ਹਿਆਂ ਵਿੱਚ ਮੱਧਮ ਅਤੇ ਕਈ ਥਾਵਾਂ ’ਤੇ ਹਲਕੀ ਧੁੰਦ ਪਈ ਹੈ।
ਅੱਜ ਲੁਧਿਆਣਾ ਸ਼ਹਿਰ ਪੰਜਾਬ ’ਚ ਸਭ ਤੋਂ ਠੰਢਾ ਸਥਾਨ ਰਿਹਾ ਹੈ, ਜਿੱਥੇ ਘੱਟ ਤੋਂ ਘੱਟ ਤਾਪਮਾਨ 7.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜਦਕਿ ਹਰਿਆਣਾ ’ਚ ਹਿਸਾਰ ਸ਼ਹਿਰ ਸਭ ਤੋਂ ਠੰਢਾ ਰਿਹਾ ਹੈ, ਜਿੱਥੇ ਘੱਟੋ-ਘੱਟ ਤਾਪਮਾਨ 6.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ 20 ਦਸੰਬਰ ਤੋਂ ਪੱਛਮੀ ਗੜਬੜੀ ਕਾਰਨ ਪਹਾੜੀ ਇਲਾਕਿਆਂ ’ਚ ਗੜੇ ਅਤੇ ਪੰਜਾਬ ਤੇ ਹਰਿਆਣਾ ’ਚ ਮੀਂਹ ਪੈ ਸਕਦਾ ਹੈ। ਮੌਸਮ ਵਿਗਿਆਨੀਆਂ ਨੇ 14 ਤੇ 15 ਦਸੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਪੈਣ ਤੇ ਠੰਢ ਦੇ ਜ਼ੋਰ ਫੜਨ ਦੀ ਪੇਸ਼ੀਨਗੋਈ ਕੀਤੀ ਹੈ।
ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 9.5 ਡਿਗਰੀ, ਪਟਿਆਲਾ ਵਿੱਚ 8.8, ਪਠਾਨਕੋਟ ਵਿੱਚ 8.9, ਬਠਿੰਡਾ ਵਿੱਚ 10.5, ਫਰੀਦਕੋਟ ਵਿੱਚ 8, ਗੁਰਦਾਸਪੁਰ ਵਿੱਚ 7.5, ਨਵਾਂ ਸ਼ਹਿਰ ਵਿੱਚ 7.7, ਹੁਸ਼ਿਆਰਪੁਰ ਵਿੱਚ 8.9, ਮਾਨਸਾ ਵਿੱਚ 10.7, ਮੁਹਾਲੀ ਵਿੱਚ 11.8 ਅਤੇ ਰੋਪੜ ਵਿੱਚ ਘੱਟੋ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
