ਦੁਸ਼ਮਣ ਬਣਿਆ ਪਾਣੀ ਤੇ ਹਥਿਆਰ ਬਣੇ ਮਿੱਟੀ ਦੇ ਬੋਰੇ
ਅੱਜ ਇਹ ਮਾਹੌਲ ਵਿੱਚ ਵੀ ਇਲਾਕਾ ਨਿਵਾਸੀ ਆਪਣੇ ਸਾਹਮਣੇ ਡੁੱਬੇ ਹੋਏ ਖੇਤ ਅਤੇ ਘਰਾਂ ਵਿਚ ਭਰੇ ਹੋਏ ਪਾਣੀ ਦੇਖ ਕੇ ਵੀ ਬੁਲੰਦ ਹੌਸਲੇ ਨਾਲ ਬੰਨ੍ਹ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕਰ ਰਹੇ ਹਨ। ਪਿੰਡ ਗੱਟਾ ਬਾਦਸ਼ਾਹ ਅਤੇ ਆਸ ਪਾਸ ਦੀ ਇਲਾਕੇ ਦੇ ਲੋਕ ਦੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬੰਨ੍ਹ ਬਚਾਉਣ ਦੀ ਜੰਗ ਲੜ ਰਹੇ ਹਨ। ਕੋਈ ਮਿੱਟੀ ਨਾਲ ਭਰੀ ਟਰਾਲੀ ਲਿਆ ਰਿਹਾ ਹੈ, ਕੋਈ ਤੋੜੇ ਤੇ ਬੋਰੇ ਬੰਨ੍ਹ ਉੱਤੇ ਰੱਖ ਰਿਹਾ ਹੈ, ਤੇ ਕੋਈ ਪਾਣੀ ਦੇ ਕਿਨਾਰੇ ਖੜ੍ਹ ਕੇ ਹਾਲਾਤਾਂ ਉੱਤੇ ਨਿਗਰਾਨੀ ਕਰ ਰਿਹਾ ਹੈ। ਇਸ ਮੋਰਚੇ ’ਤੇ ਨੌਜਵਾਨ, ਬਜ਼ੁਰਗ, ਔਰਤਾਂ ਤੇ ਬੱਚੇ ਸਾਰੇ ਇੱਕਠੇ ਹੋ ਕੇ ਹਾਲਾਤਾਂ ਨਾਲ ਲੜ ਰਹੇ ਹਨ ਪਰ ਉੱਥੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਜ਼ਰ ਨਹੀਂ ਆਇਆ, ਸਿਰਫ ਤੇ ਸਿਰਫ ਇਲਾਕੇ ਦੇ ਲੋਕ ਅਤੇ ਬਾਹਰੋਂ ਆਏ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਤੇ ਬੱਚੇ ਵੀ ਬੋਰੇ ਚੁੱਕ ਕੇ ਬੰਨ੍ਹ ਦੀ ਮਜ਼ਬੂਤੀ ਲਈ ਲਗਾ ਰਹੇ ਹਨ। ਔਰਤਾਂ ਬੰਨ੍ਹ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਲੋਕਾਂ ਲਈ ਘਰਾਂ ’ਚੋਂ ਖਾਣਾ ਬਣਾ ਕੇ ਲਿਆ ਰਹੀਆਂ ਹਨ।
ਪਿੰਡ ਗੱਟਾ ਬਾਦਸ਼ਾਹ ’ਚ ਮੌਜੂਦ ਲੋਕਾਂ ਮੁਤਾਬਕ ਜੇਕਰ ਇਹ ਬੰਨ੍ਹ ਟੁੱਟ ਗਿਆ ਤਾਂ ਸਾਰਾ ਇਲਾਕਾ ਪਾਣੀ ਵਿੱਚ ਡੁੱਬ ਜਾਵੇਗਾ। ਇਸ ਕਰਕੇ ਉਹ ਸਰਕਾਰੀ ਤੰਤਰ ਜਾਂ ਮਦਦ ਦੀ ਉਡੀਕ ਨਹੀਂ ਕਰ ਸਕਦੇ ਅਤੇ ਖ਼ੁਦ ਹੀ ਆਪਣੀ ਜ਼ਮੀਨ ਤੇ ਘਰ ਬਚਾਉਣ ਲਈ ਲੜਨਗੇ। ਦੇਖਣ ਤੋਂ ਇਉਂ ਜਪਦਾ ਹੈ ਕਿ ਜਿਵੇਂ ਇਹ ਲੋਕ ਕੋਈ ਜੰਗ ਲੜ ਰਹੇ ਹੋਣ ਅਤੇ ਇਨ੍ਹਾਂ ਦੀ ਲੜਾਈ ਦੁਸ਼ਮਣ ਬਣੇ ਪਾਣੀ ਨਾਲ ਹੈ, ਜਦਕਿ ਮਿੱਟੀ ਦੇ ਬੋਰੇ ਇੱਕ ਹਥਿਆਰ ਵਜੋਂ ਕੰਮ ਕਰ ਰਹੇ ਹਨ।