ਜੰਝ ਘਰ ਬਾਰੇ ਸੂਚਨਾ ਮੰਗਣ ਵਾਲੇ ਵਿਅਕਤੀਆਂ ਦੀ ਕੁੱਟਮਾਰ
ਪਿੰਡ ਸਰਸਾ ਨੰਗਲ ਦੇ ਜੰਝ ਘਰ ਦੀ ਇਮਾਰਤ ਸਬੰਧੀ ਸੂਚਨਾ ਦੇ ਅਧਿਕਾਰ ਤਹਿਤ ਖਸਰਾ ਨੰਬਰਾਂ ਤਹਿਤ ਜਾਣਕਾਰੀ ਮੰਗ ਰਹੇ ਸਾਬਕਾ ਪੰਚ ਮੰਗਲ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਦੂਜੀ ਧਿਰ ਨੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ।
ਇਸ ਕਾਰਨ ਮੰਗਲ ਸਿੰਘ ਦੇ ਭਰਾ, ਭਰਜਾਈ ਅਤੇ ਪੁੱਤਰ ਦੀ ਕੁੱਟਮਾਰ ਕੀਤੀ ਅਤੇ ਘਰ ਅੱਗੇ ਖੜ੍ਹੇ ਵਾਹਨਾਂ ਦੀ ਵੀ ਭੰਨਤੋੜ ਕਰ ਦਿੱਤੀ। ਇੱਥੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਮੰਗਲ ਸਿੰਘ ਦੇ ਪੁੱਤਰ ਗੁਰਚਰਨ ਸਿੰਘ ਨੇ ਦੱਸਿਆ ਕਿ ਜੰਝ ਘਰ ਦੇ ਖਸਰਾ ਨੰਬਰਾਂ ਦੀ ਜਾਣਕਾਰੀ ਲੈਣ ਸਬੰਧੀ ਪੰਚਾਇਤ ਸਕੱਤਰ ਨੇ ਉਨ੍ਹਾਂ ਨੂੰ ਬੀ ਡੀ ਪੀ ਓ ਦਫ਼ਤਰ ਰੂਪਨਗਰ ਸੱਦਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਉਹ ਰੂਪਨਗਰ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਸਾਬਕਾ ਸਰਪੰਚ ਦੇ ਪਤੀ ਲਖਵੀਰ ਸਿੰਘ ਅਤੇ ਮੌਜੂਦਾ ਸਰਪੰਚ ਦੇ ਪਤੀ ਨੇ 20-25 ਵਿਅਕਤੀਆਂ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਵਾਹਨ ਭੰਨ ਦਿੱਤੇ। ਉਧਰ, ਲਖਵੀਰ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਲੜਾਈ ਦੀ ਪਹਿਲ ਮੰਗਲ ਸਿੰਘ ਦੇ ਭਰਾ ਸਮਸ਼ੇਰ ਸਿੰਘ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਭਤੀਜੇ ਰਾਮੂ ਵੱਲੋਂ ਲਗਾਏ ਸੀਵਰੇਜ ਦੇ ਢੱਕਣ ’ਤੇ ਸਮਸ਼ੇਰ ਸਿੰਘ ਰੋਜ਼ ਟਰੈਕਟਰ ਖੜ੍ਹਾ ਕਰ ਦਿੰਦਾ ਸੀ। ਅੱਜ ਰੋਕਣ ’ਤੇ ਉਸ ਨੇ ਰਾਮੂ ਤੇ ਹਰਪ੍ਰੀਤ ਸਿੰਘ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ ਦੋਵਾਂ ਧਿਰਾਂ ਵਿਚਕਾਰ ਝਗੜਾ ਹੋ ਗਿਆ।
ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਕਿਹਾ ਕਿ ਰੂਪਨਗਰ ਅਤੇ ਭਰਤਗੜ੍ਹ ਹਸਪਤਾਲਾਂ ਵਿੱਚ ਦਾਖ਼ਲ ਦੋਵੇਂ ਧਿਰਾਂ ਦੇ ਬਿਆਨ ਕਲਮਬੱਧ ਕਰ ਲਏ ਗਏ ਹਨ ਅਤੇ ਡਾਕਟਰੀ ਰਿਪੋਰਟਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।