ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਲਵਾ ਦੇ ਕਈ ਇਲਾਕਿਆਂ ਵਿੱਚ ਮੀਂਹ ਕਾਰਨ ਲੋਕ ਘਰੋਂ-ਬੇਘਰ

ਖੇਤਾਂ ਵਿੱਚ ਸਾਮਾਨ ਰੱਖ ਕੇ ਗੁਜ਼ਾਰਾ ਕਰਨ ਲਈ ਮਜਬੂਰ; ਸਰਕਾਰ ਤੇ ਪ੍ਰਸ਼ਾਸਨ ਦੇ ਦਾਅਵੇ ਖੋਖਲੇ
ਖੇਤਾਂ ਵਿੱਚ ਸਾਮਾਨ ਰੱਖ ਕੇ ਜ਼ਿੰਦਗੀ ਕੱਟਣ ਲਈ ਮਜਬੂਰ ਮਜ਼ਦੂਰ ਪਰਿਵਾਰ।
Advertisement

ਮੀਂਹ ਕਾਰਨ ਇੱਥੇ ਸਰਹੱਦੀ ਖੇਤਰ ਦੇ ਬਹੁਤੇ ਲੋਕ ਘਰੋਂ ਬੇਘਰ ਹੋ ਗਏ ਹਨ। ਪਿੰਡ ਹੌਜ ਖਾਸ ਦੇ ਮਜ਼ਦੂਰ ਗੁਰਮੀਤ ਸਿੰਘ ਨੂੰ ਹੜ੍ਹਾਂ ਦੀ ਮਾਰ ਇਸ ਹੱਦ ਤੱਕ ਝੱਲਣੀ ਪੈ ਰਹੀ ਹੈ ਕਿ ਉਸ ਨੂੰ ਆਪਣੇ ਘਰ ਵਿੱਚੋਂ ਸਾਰਾ ਸਾਮਾਨ ਕੱਢ ਕੇ ਖੇਤਾਂ ਵਿੱਚ ਖੁੱਲ੍ਹੇ ਅਸਮਾਨ ਹੇਠ ਰਹਿਣਾ ਪੈ ਰਿਹਾ ਹੈ। ਉਸ ਦਾ ਪਰਿਵਾਰ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ਼ ਹੋ ਗਿਆ ਹੈ। ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਖੇਤਾਂ ਵਿੱਚ ਇਕੱਲਿਆਂ ਛੱਡ ਕੇ ਹੁਣ ਕਿਤੇ ਮਜ਼ਦੂਰੀ ਕਰਨ ਵੀ ਨਹੀਂ ਜਾ ਸਕਦਾ। ਉਸ ਦੇ ਪਰਿਵਾਰ ਵਿੱਚ ਪਤਨੀ, ਚਾਰ ਧੀਆਂ ਅਤੇ ਪੁੱਤਰ ਹੈ। ਉਹ ਮਿਹਨਤ ਮਜ਼ਦੂਰੀ ਕਰਕੇ ਘਰ ਚਲਾਉਂਦਾ ਹੈ। ਉਸ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਈ ਵਾਰੀ ਮਕਾਨ ਬਣਾਉਣ ਲਈ ਫਾਰਮ ਭਰਿਆ ਪਰ ਉਸ ਦਾ ਅਜੇ ਤੱਕ ਕੁੱਝ ਨਹੀਂ ਬਣਿਆ। ਮਕਾਨ ਦੀ ਹਾਲਤ ਖਸਤਾ ਹੋਣ ਕਾਰਨ ਭਾਰੀ ਮੀਂਹ ਪੈਣ ਕਾਰਨ ਉਸ ਦੇ ਮਕਾਨ ਦੀ ਛੱਤ ਡਿੱਗ ਚੁੱਕੀ ਹੈ ਅਤੇ ਉਹ ਹੁਣ ਇਸ ਮਕਾਨ ਵਿੱਚ ਨਹੀਂ ਰਹਿ ਸਕਦਾ। ਉਸ ਨੇ ਦੱਸਿਆ ਕਿ ਘਰ ਦਾ ਸਾਰਾ ਸਾਮਾਨ ਕੱਢ ਕੇ ਝੋਨੇ ਦੇ ਖੇਤਾਂ ਦੇ ਕੰਢਿਆਂ ’ਤੇ ਰੱਖ ਕੇ ਜ਼ਮੀਨ ’ਤੇ ਸੌਣ ਲਈ ਮਜਬੂਰ ਹੈ। ਉਸ ਦੇ ਛੋਟੇ-ਛੋਟੇ ਬੱਚੇ ਹੋਣ ਕਾਰਨ ਉਸ ਨੂੰ ਪੂਰੀ ਰਾਤ ਇਹ ਡਰ ਸਤਾਉਂਦਾ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਨੂੰ ਕੋਈ ਸੱਪ ਜਾਂ ਕੋਈ ਹੋਰ ਜ਼ਹਿਰੀਲਾ ਕੀੜਾ ਨਾ ਕੱਟ ਜਾਏ। ਉਸ ਦੀ ਪਤਨੀ ਸਿਮਰਜੀਤ ਕੌਰ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪਿੰਡ ਆਏ ਹਲਕੇ ਦੇ ਵਿਧਾਇਕ ਜਗਦੀਪ ਕੁਮਾਰ ਗੋਲਡੀ ਕੰਬੋਜ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਰਹਿਣ ਬਸੇਰੇ ਲਈ ਉਹ ਮਕਾਨ ਦੀ ਵਿਵਸਥਾ ਕਰਾ ਦੇਣ ਪਰ ਅਜੇ ਤੱਕ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ। ਪਿੰਡ ਦੀ ਪੰਚਾਇਤ ਨੂੰ ਵੀ ਕਈ ਵਾਰ ਅਪੀਲ ਕੀਤੀ ਪਰ ਪਰਨਾਲਾ ਉਥੇ ਦਾ ਉਥੇ ਹੈ। ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਰਹਿਣ ਬਸੇਰੇ ਅਤੇ ਹੋਰ ਆਰਥਿਕ ਮਦਦ ਲਈ ਸਹਾਇਤਾ ਦੇਵੇ।

ਪੀੜਤਾਂ ਦਾ ਰੈਣ ਬਸੇਰੇ ਵਿੱਚ ਪ੍ਰਬੰਧ ਕੀਤਾ ਜਾਵੇਗਾ: ਐੱਸਡੀਐੱਮ

ਜਲਾਲਾਬਾਦ ਦੇ ਐੱਸਡੀਐੱਮ ਕੰਵਰ ਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਤੁਰੰਤ ਇਸ ਪਰਿਵਾਰ ਦਾ ਪਤਾ ਲਗਾ ਕੇ ਉਨ੍ਹਾਂ ਦਾ ਰੈਣ ਬਸੇਰੇ ਵਿੱਚ ਰਹਿਣ ਦਾ ਪ੍ਰਬੰਧ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਵਿੱਤੀ ਸਹਾਇਤਾ ਦਿਵਾਉਣ ਲਈ ਵੀ ਮਦਦ ਕਰਨਗੇ।

Advertisement

ਸਿਹਤ ਵਿਭਾਗ ਦੀ ਟੀਮ ਵੱਲੋਂ ਸਤਲੁਜ ਕੰਢੇ ਵਸੇ ਪਿੰਡਾਂ ਦਾ ਦੌਰਾ

ਫ਼ਤਹਿਗੜ੍ਹ ਪੰਜਤੂਰ (ਹਰਦੀਪ ਸਿੰਘ): ਸਰਕਾਰ ਵੱਲੋਂ ਦਰਿਆਵਾਂ ਵਿੱਚ ਹੜ੍ਹਾਂ ਵਰਗੀ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਸਿਹਤ ਵਿਭਾਗ ਨੂੰ ਚੌਕਸ ਕਰ ਦਿੱਤਾ ਗਿਆ ਹੈ। ਅੱਜ ਜ਼ਿਲ੍ਹਾ ਸਿਹਤ ਵਿਭਾਗ ਦੀ ਉਚ ਪੱਧਰੀ ਟੀਮ ਨੇ ਇੱਥੋਂ ਨਜ਼ਦੀਕ ਸਤਲੁਜ ਕੰਢੇ ਵਸਦੇ ਪਿੰਡਾਂ ਸੰਘੇੜਾ ਅਤੇ ਮੁਰਦਾਰਪੁਰ ਦਾ ਨਿਰੀਖਣ ਕਰਕੇ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ। ਟੀਮ ਵਿੱਚ ਡਾਕਟਰ ਅਸ਼ੋਕ ਸਿੰਗਲਾ, ਜ਼ਿਲ੍ਹਾ ਟੀਬੀ ਅਫਸਰ ਡਾਕਟਰ ਸੋਢੀ, ਕੋਟ ਈਸੇ ਖਾਂ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਿਪੁਦਮਨ ਕੌਰ, ਗੁਰਨਾਮ ਸਿੰਘ, ਜਗਮੀਤ ਸਿੰਘ ਅਤੇ ਰਾਕੇਸ਼ ਕੁਮਾਰ ਆਦਿ ਸ਼ਾਮਲ ਸਨ। ਇਸ ਮੌਕੇ ਟੀਮ ਨੇ ਦੋਵਾਂ ਪਿੰਡਾਂ ਦੇ ਸਰਪੰਚਾਂ ਸਰਬਜੀਤ ਸਿੰਘ ਅਤੇ ਗੁਰਮੇਲ ਸਿੰਘ ਤੋਂ ਪਿੰਡਾਂ ਦੀ ਆਬਾਦੀ ਅਤੇ ਵੱਖ-ਵੱਖ ਬੀਮਾਰੀਆਂ ਦੇ ਸ਼ਿਕਾਰ ਮਰੀਜ਼ਾਂ ਦੀ ਜਾਣਕਾਰੀ ਪ੍ਰਾਪਤ ਕੀਤੀ। ਸੀਨੀਅਰ ਮੈਡੀਕਲ ਅਫਸਰ ਡਾਕਟਰ ਰਿਪੁਦਮਨ ਕੌਰ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਹ ਦਰਿਆ ਸਤਲੁਜ ਕਿਨਾਰੇ ਵਸਦੇ ਲੋਕਾਂ ਦੀਆਂ ਸਿਹਤ ਸੇਵਾਵਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਇੱਥੇ ਸਿਹਤ ਕੈਂਪ ਵੀ ਲਗਾਇਆ ਜਾਵੇਗਾ।

Advertisement