ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹਾਂ ਕਾਰਨ ਘਰਾਂ ਦੀਆਂ ਛੱਤਾਂ ’ਤੇ ਦਿਨ ਕਟੀ ਕਰ ਰਹੇ ਨੇ ਲੋਕ

ਮੀਂਹ ਨੇ ਮੁਸ਼ਕਲਾਂ ਵਧਾਈਆਂ; ਸੰਸਦ ਮੈਂਬਰਾਂ ਨੇ ਪੀਡ਼ਤ ਲੋਕਾਂ ਦਾ ਹਾਲ-ਚਾਲ ਜਣਿਆ/ਹਡ਼੍ਹ ਪੀਡ਼ਤਾਂ ਦੀ ਸਾਰ ਲਵੇ ‘ਆਪ’: ਚੀਮਾ
ਕਪੂਰਥਲਾ ਵਿੱਚ ਪਾਣੀ ਤੋਂ ਬਚਾਅ ਲਈ ਘਰਾਂ ਦੀਆਂ ਛੱਤਾਂ ’ਤੇ ਬੈਠੇ ਹੋਏ ਲੋਕ।
Advertisement

ਜਸਬੀਰ ਸਿੰਘ ਚਾਨਾ

ਦਰਿਆ ਬਿਆਸ ’ਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਕਾਰਨ ਮੰਡ ਬਾਊਪੁਰ ਖੇਤਰ ’ਚ ਹੜ੍ਹਾਂ ਤੋਂ ਪ੍ਰੇਸ਼ਾਨ ਲੋਕਾਂ ਦੀਆਂ ਮੁਸ਼ਕਲਾਂ ਮੀਂਹ ਨੇ ਹੋਰ ਵਧਾ ਦਿੱਤੀਆਂ ਹਨ। ਇਸ ਸਮੇਂ ਸਾਰੇ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੋਣ ਕਰ ਕੇ ਦਰਿਆਵਾਂ ’ਚ ਪਾਣੀ ’ਚ ਪਾਣੀ ਛੱਡਿਆ ਜਾ ਰਿਹਾ ਹੈ।

Advertisement

ਸੁਲਤਾਨਪੁਰ ਹਲਕੇ ਦੇ ਮੰਡ ਖੇਤਰ ਬਾਊਪੁਰ ’ਚ ਆਉਣ ਵਾਲੇ 16 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ। ਲੋਕ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਨੂੰ ਸਹੂਲਤਾਂ ਦੇ ਦਾਅਵੇ ਨੂੰ ਫੋਕੀ ਬਿਆਨਬਾਜ਼ੀ ਦੱਸ ਰਹੇ ਹਨ। ਦੂਜੇ ਪਾਸੇ, ਇਲਾਕੇ ’ਚ ਪਾਣੀ ਭਰਨ ਕਾਰਨ ਸੱਪ ਤੇ ਹੋਰ ਜੀਵ ਦਾ ਵੀ ਖ਼ਤਰਾ ਖੜ੍ਹਾ ਹੋ ਗਿਆ ਹੈ। ਲੋਕ ਪਾਣੀ ਤੋਂ ਬਚਣ ਲਈ ਘਰਾਂ ਦੀਆਂ ਛੱਤਾਂ ’ਤੇ ਬੈਠੇ ਹਨ ਪਰ ਹੁਣ ਮੀਂਹ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੀਂਹ ਕਾਰਨ ਕਈ ਘਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਹਨ। ਖੇਤਾਂ ’ਚ ਖੜ੍ਹੇ ਝੋਨੇ ਵਿੱਚੋਂ ਬਦਬੂ ਆਉਣ ਲੱਗੀ ਹੈ।

ਮੰਡ ਖੇਤਰ ਦੇ ਲੋਕ ਸਰਕਾਰ ਦੇ ਪ੍ਰਬੰਧਾਂ ਤੋਂ ਖ਼ਫ਼ਾ ਹਨ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਹੜ੍ਹਾਂ ਨਾਲ ਨਜਿੱਠਣ ਲਈ ਕੋਈ ਅਗਾਊਂ ਪ੍ਰਬੰਧ ਨਹੀਂ ਕੀਤੇ ਤੇ ਹੁਣ ਲੋਕਾਂ ਨੂੰ ਸੁਵਿਧਾਵਾਂ ਦੇਣ ਦੇ ਫੋਕੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਦੇ ਕੇ ਬੰਨ੍ਹ ਮਜ਼ਬੂਤ ਕਰਵਾ ਦਿੰਦੀ ਅਤੇ ਹਰੀਕੇ ਤੋਂ ਸਮੇਂ-ਸਮੇਂ ’ਤੇ ਪਾਣੀ ਰਿਲੀਜ਼ ਕਰਵਾ ਦਿੰਦੀ ਤਾਂ ਮੰਡ ਖੇਤਰ ਦੇ ਲੋਕਾਂ ਹੜ੍ਹਾਂ ਤੋਂ ਬਚ ਜਾਂਦੇ।

ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਤੇ ਹਰਭਜਨ ਸਿੰਘ ਨੇ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਹਰਭਜਨ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਚੁੱਕੀ ਹੈ। ਸੰਸਦ ਮੈਂਬਰਾਂ ਨੇ ਪਸ਼ੂਆਂ ਦਾ ਚਾਰਾ ਵੀ ਵੰਡਿਆ। ਸੰਸਦ ਮੈਂਬਰ ਹਰਭਜਨ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਕੇਂਦਰ ਤੇ ਪੰਜਾਬ ਸਰਕਾਰ ਕੋਲ ਇਸ ਮਸਲੇ ਨੂੰ ਗੰਭੀਰਤਾ ਨਾਲ ਉਠਾਉਣਗੇ।

ਚੰਡੀਗੜ੍ਹ (ਟਨਸ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਿਆਸ, ਸਤਲੁਜ ਤੇ ਰਾਵੀ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ‘ਆਪ’ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਵਾਸਤੇ ਤੁਰੰਤ ਕਦਮ ਚੁੱਕੇ।

ਸਰਹੱਦੀ ਲੋਕਾਂ ਨੂੰ ਲੰਬੀ ਉਡੀਕ ਮਗਰੋਂ ਮਿਲੀ ਟੁੱਟੀ ਹੋਈ ਬੇੜੀ

ਫਾਜ਼ਿਲਕਾ (ਪਰਮਜੀਤ ਸਿੰਘ): ਪਹਿਲਾਂ ਜੁਲਾਈ ਮਹੀਨੇ ਪਈ ਭਾਰਵੇਂ ਮੀਂਹ ਤੇ ਹੁਣ ਡੈਮਾਂ ਤੋਂ ਛੱਡੇ ਪਾਣੀ ਕਾਰਨ ਸਰਹੱਦੀ ਖੇਤਰ ’ਚ ਵਗਦੇ ਸਤਲੁਜ ਨੇ ਤਬਾਹੀ ਮਚਾ ਦਿੱਤੀ ਹੈ। ਹੜ੍ਹਾਂ ਕਾਰਨ ਸਰਹੱਦੀ ਪਿੰਡ ਘੁਰਕਾ, ਵੱਲ੍ਹੇ ਸ਼ਾਹ ਉਤਾੜ, ਘੁਰਕਾ ਢਾਣੀ, ਢਾਣੀ ਨੂਰ ਸਮੰਦ, ਢਾਣੀ ਹਸਤਾ ਕਲਾਂ, ਢਾਣੀ ਤੇਜਾ ਸਿੰਘ, ਢਾਣੀ ਭਗਵਾਨ ਸਿੰਘ ਅਤੇ ਢਾਣੀ ਬਚਿੱਤਰ ਸਿੰਘ ਦੇ ਵਾਸੀ ਰਾਹਾਂ ਤੇ ਖੇਤਾਂ ’ਚ ਪਾਣੀ ਭਰਿਆ ਹੋਣ ਕਰ ਕੇ ਖ਼ੁਆਰ ਹੋ ਰਹੇ ਹਨ। ਲੋਕਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ ’ਚ ਡੁੱਬ ਕੇ ਤਬਾਹ ਹੋ ਚੁੱਕੀ ਹੈ। ਪੀੜਤਾਂ ਨੇ 18 ਜੁਲਾਈ ਨੂੰ ਐੱਸਡੀਐੱਮ ਫ਼ਾਜ਼ਿਲਕਾ ਨੂੰ ਘਰਾਂ ’ਚ ਜਾਣ ਲਈ ਬੇੜੀ ਲਈ ਲਿਖਤੀ ਦਰਖ਼ਾਸਤ ਦਿੱਤੀ ਸੀ ਪਰ ਬੇੜੀ ਨਹੀਂ ਮਿਲੀ। ਪੀੜਤਾਂ ਨੇ 13 ਅਗਸਤ ਨੂੰ ਡੀਸੀ ਅਮਰਪ੍ਰੀਤ ਕੌਰ ਸੰਧੂ ਨੂੰ ਜਾਣੂ ਕਰਵਾਇਆ ਤਾਂ ਉਨ੍ਹਾਂ ਦੇ ਦਖ਼ਲ ਮਗਰੋਂ ਲੋਕਾਂ ਨੂੰ ਬੇੜੀ ਮਿਲੀ। ਲੋਕਾਂ ਨੇ ਅੱਜ ਦੱਸਿਆ ਕਿ ਉਨ੍ਹਾਂ ਨੂੰ ਟੁੱਟੀ ਹੋਈ ਬੇੜੀ ਤਾਂ ਮਿਲੀ ਪਰ ਨਾ ਮਲਾਹ ਮਿਲਿਆ ਤੇ ਨਾ ਹੀ ਚੱਪੂ। ਉਹ ਪੱਲਿਓਂ ਲਿਆਂਦੇ ਰੱਸੇ ਨਾਲ 200 ਮੀਟਰ ਦੂਰ ਬੇੜੀ ਖਿੱਚਣ ਲਈ ਮਜਬੂਰ ਹਨ। ਨਜ਼ਾਬਤ ਸਿੰਘ ਹਸਤਾ ਕਲਾਂ, ਗੁਰਨਾਮ ਸਿੰਘ, ਭਗਵਾਨ ਸਿੰਘ, ਰਾਜ ਸਿੰਘ, ਭੋਲਾ ਸਿੰਘ, ਮਨਜੀਤ ਕੌਰ, ਹਰਬੰਸ ਸਿੰਘ, ਬਲਵੰਤ ਸਿੰਘ ਅਤੇ ਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੋਈ ਸਾਰ ਲੈਣ ਲਈ ਤਿਆਰ ਨਹੀਂ ਹੈ। ਇੱਕ ਮਜ਼ਦੂਰਾਂ ਨੇ ਦੱਸਿਆ ਕਿ ਉਹ ਸਿਰਫ਼ ਇੱਕ ਵਕਤ ਦੀ ਰੋਟੀ ਖਾ ਕੇ ਗੁਜ਼ਾਰਾ ਕਰਨ ਲਈ ਮਜਬੂਰ ਹਨ ਤੇ ਪਸ਼ੂ ਵੀ ਭੁੱਖੇ ਮਰਨ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨੁਕਸਾਨ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਇਸ ਸਮੱਸਿਆ ਜਦੋਂ ਡੀਸੀ ਅਮਰਪ੍ਰੀਤ ਕੌਰ ਸੰਧੂ ਦੇ ਧਿਆਨ ’ਚ ਲਿਆਂਦੀ ਤਾਂ ਉਨ੍ਹਾਂ ਤੁਰੰਤ ਐੱਸਡੀਐੱਮ ਨੂੰ ਬੇੜੀ ਬਦਲਣ ਦੇ ਆਦੇਸ਼ ਦਿੱਤੇ। ਇਸ ਸਬੰਧੀ ਐੱਸਡੀਐੱਮ ਵੀਰਪਾਲ ਨੇ ਕਿਹਾ ਕਿ ਇਸ ਬਾਰੇ ਪਤਾ ਲੱਗਣ ’ਤੇ ਤੁਰੰਤ ਬੇੜੀ ਬਦਲੀ ਗਈ ਹੈ। ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਉਣ ਲਈ ਯਤਨ ਜਾਰੀ ਹਨ।

ਟੁੱਟੀ ਹੋਈ ਬੇੜੀ ਨੂੰ ਰੱਸੇ ਨਾਲ ਖਿੱਚ ਕੇ ਘਰਾਂ ਨੂੰ ਪਰਤਦੇ ਹੋਏ ਸਰਹੱਦੀ ਲੋਕ।

ਉੱਝ ਦਰਿਆ ’ਚ ਪਾਣੀ ਛੱਡਣ ਮਗਰੋਂ ਰਾਵੀ ਦਾ ਪੱਧਰ ਵਧਿਆ

ਅੰਮ੍ਰਿਤਸਰ/ਪਠਾਨਕੋਟ (ਜਗਤਾਰ ਸਿੰਘ ਲਾਂਬਾ/ਐੱਨਪੀ ਧਵਨ): ਪਹਾੜੀ ਇਲਾਕਿਆਂ ਵਿੱਚ ਪੈ ਰਹੇ ਮੀਂਹ ਕਾਰਨ ਉੱਝ ਦਰਿਆ 24 ਘੰਟਿਆਂ ਵਿੱਚ ਇੱਕ ਵਾਰ ਫਿਰ ਪਾਣੀ ਦਾ ਪੱਧਰ ਵਧ ਗਿਆ ਹੈ। ਇੱਥੇ ਦਰਿਆ ਵਿੱਚ ਰਾਜਬਾਗ ਬੈਰਾਜ ਤੋਂ ਸਵੇਰੇ ਪੌਣੇ ਪੰਜ ਵਜੇ ਛੱਡਿਆ ਡੇਢ ਲੱਖ ਕਿਊਸਿਕ ਪਾਣੀ ਕਰੀਬ 6.30 ਵਜੇ ਬਮਿਆਲ ਵਿੱਚ ਵੱਗਦੇ ਉੱਝ ਦਰਿਆ ਵਿੱਚ ਪੁੱਜ ਗਿਆ। ਇਸ ਕਾਰਨ ਇੱਕ ਵਾਰ ਫਿਰ ਖੇਤਰ ਵਿੱਚ ਹੜ੍ਹ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ‘ਉੱਝ’ ਦਰਿਆ ਵਿੱਚ ਪਾਣੀ ਛੱਡਣ ਤੋਂ ਬਾਅਦ ਇੱਥੇ ਰਾਵੀ ਦਰਿਆ ਵਿੱਚ ਵੀ ਪਾਣੀ ਦਾ ਵਹਾਅ ਵਧ ਗਿਆ ਹੈ। ਅੱਜ ਡੀਸੀ ਸਾਕਸ਼ੀ ਸਾਹਨੀ ਨੇ ਰਾਵੀ ਦਰਿਆ ਨੇੜਲੇ ਇਲਾਕੇ ਦਾ ਦੌਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦਰਿਆ ਵਿੱਚ ਇਸ ਵੇਲੇ ਲਗਪਗ 1.4 ਲੱਖ ਕਿਊਸਿਕ ਪਾਣੀ ਹੈ ਪਰ ਸਥਿਤੀ ਖ਼ਤਰੇ ਵਾਲੀ ਨਹੀਂ ਹੈ। ਇਸ ਦੇ ਬਾਵਜੂਦ ਦੋ ਦਿਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਘੋਨੇਵਾਲਾ, ਚੰਡੀਗੜ੍ਹ ਪੋਸਟ, ਕਮਾਲਪੁਰ ਅਤੇ ਕੋਟ ਰਜ਼ਾਦਾ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉੱਝ ਦਰਿਆ ਵਿੱਚ ਛੱਡੇ ਵਾਧੂ ਪਾਣੀ ਕਾਰਨ ਰਾਵੀ ਦਰਿਆ ਨਾਲ ਲੱਗਦੇ ਅਜਨਾਲਾ ਤੇ ਰਮਦਾਸ ਬਲਾਕ ਦੇ ਕੁੱਝ ਪਿੰਡਾਂ ਵਿੱਚ ਇਸ ਦਾ ਪ੍ਰਭਾਵ ਨਜ਼ਰ ਆ ਰਿਹਾ ਹੈ। ਡੀਸੀ ਨੇ ਕਿਹਾ ਕਿ ਕੋਈ ਖ਼ਤਰੇ ਵਾਲੀ ਗੱਲ ਨਹੀਂ ਹੈ ਪਰ ਸਾਵਧਾਨੀ ਵਰਤਣੀ ਜ਼ਰੂਰੀ ਹੈ। ਪ੍ਰਸ਼ਾਸਨ ਵੱਲੋਂ ਕੱਲ੍ਹ ਰਾਤ ਤੋਂ ਹੀ ਇੱਥੇ ਟੀਮ ਤਾਇਨਾਤ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਘੋਨੇਵਾਲ ਦੇ ਕੁਝ ਘਰਾਂ ਦੇ ਵਸਨੀਕਾਂ ਨੂੰ ਚੌਕਸ ਕੀਤਾ ਹੈ।

Advertisement