ਭਾਜਪਾ ਨੂੰ ਠੋਸ ਬਦਲ ਵਜੋਂ ਦੇਖ ਰਹੇ ਨੇ ਲੋਕ: ਜਾਖੜ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਜੂਨ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਸਵੀਕਾਰ ਕੀਤਾ। ਉਨ੍ਹਾਂ ਨਾਲ ਹੀ ਭਾਜਪਾ ਵਰਕਰਾਂ ਵੱਲੋਂ ਮਜ਼ਬੂਤੀ ਨਾਲ ਚੋਣ ਲੜਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਮਨੀ ਚੋਣ ਵਿੱਚ ਭਾਜਪਾ ਨੇ ਪੂਰੀ ਇਕਜੁੱਟਤਾ ਨਾਲ ਚੋਣ ਲੜੀ ਅਤੇ ਪਾਰਟੀ ਨੂੰ ਮਿਲੀਆਂ ਵੋਟਾਂ ਸੰਕੇਤ ਹਨ ਕਿ ਪੰਜਾਬ ਦੇ ਲੋਕ ‘ਆਪ’ ਤੇ ਕਾਂਗਰਸ ਦੇ ਮੁਕਾਬਲੇ ਭਾਜਪਾ ਨੂੰ ਠੋਸ ਬਦਲ ਵਜੋਂ ਦੇਖ ਰਹੇ ਹਨ। ਸ੍ਰੀ ਜਾਖੜ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਸਪਸ਼ਟ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਭਾਜਪਾ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਹੁਣੇ ਤੋਂ ਪੂਰੀ ਯੋਜਨਾਬੰਦੀ ਅਤੇ ਜੋਸ਼ ਨਾਲ ਆਪਣਾ ਕੰਮ ਸ਼ੁਰੂ ਕਰੇਗੀ।
ਸ੍ਰੀ ਜਾਖੜ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਵੀ ਸ਼ੀਸ਼ਾ ਹਨ, ਜਿਸ ਨੇ ਆਪਣੀ ਸਾਰੀ ਚੋਣ ਮੁਹਿੰਮ ਸਰਕਾਰੀ ਮਸ਼ੀਨਰੀ ਦੇ ਦਮ ’ਤੇ ਲੜੀ ਪਰ ਫਿਰ ਵੀ ਮਾਮੂਲੀ ਫ਼ਰਕ ਨਾਲ ਹੀ ਜਿੱਤ ਦਰਜ ਕਰ ਸਕੀ। ਉਨ੍ਹਾਂ ਕਿਹਾ ਕਿ 2027 ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਦਾਅਵੇਦਾਰੀ ਕਰਨ ਵਾਲੀ ਕਾਂਗਰਸ ਦੀ ਪਾਟੋ-ਧਾੜ ਨੇ ਇਸ ਪਾਰਟੀ ਦਾ ਭਵਿੱਖ ਪ੍ਰਗਟ ਕਰ ਦਿੱਤਾ ਹੈ ਅਤੇ ਜਾਪਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਇਸ ਵੇਲੇ ਆਪਣੀ ਹੋਂਦ ਦੀ ਲੜਾਈ ਹੀ ਲੜ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਜ਼ਬੂਤ ਬਦਲ ਵਜੋਂ ਉਭਰੇਗੀ।