ਪੀ.ਡੀ.ਐੱਫ਼.ਏ. ਨੇ ਹੜ੍ਹ ਰਾਹਤ ਲਈ 45 ਲੱਖ ਰੁਪਏ ਦਿੱਤੇ
ਡੇਅਰੀ ਫਾਰਮਰਾਂ ਦੀ ਜਥੇਬੰਦੀ ‘ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ’ (ਪੀ ਡੀ ਐੱਫ ਏ) ਨੇ ਹੜ੍ਹਾਂ ਦੀ ਮਾਰ ਝੱਲ ਰਹੇ ਸੂਬੇ ਦੇ ਡੇਅਰੀ ਫਾਰਮਰਾਂ ਲਈ ‘ਪੀ ਡੀ ਐੱਫ ਏ’ ਹੜ੍ਹ ਰਾਹਤ ਫੰਡ ਦਿੱਤਾ ਹੈ। ਇਸ ਵਿੱਚ ‘ਪੀ ਡੀ ਐੱਫ ਏ’ ਦੇ ਮੈਂਬਰਾਂ ਨੇ 45 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ।
‘ਪੀ ਡੀ ਐੱਫ ਏ’ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਹੜ੍ਹਾਂ ਨਾਲ ਘਿਰੇ ਪੰਜਾਬ ਦੇ ਹਾਲਾਤ ’ਤੇ ਚਰਚਾ ਹੋਈ। ਚਰਚਾ ਹੋਈ ਕਿ ਡੇਅਰੀ ਫਾਰਮਰ ਵੀ ਇਸ ਕੁਦਰਤ ਦੀ ਕਰੋਪੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਦੋ ਤੋਂ ਲੈ ਕੇ ਦੋ ਸੌ ਪਸ਼ੂਆਂ ਤੱਕ ਦੇ ਵੱਡੇ ਡੇਅਰੀ ਫਾਰਮਰ ਵੀ ਇਸ ਬਿਪਤਾ ਵਿੱਚ ਘਿਰੇ ਹੋਏ ਹਨ, ਜਿਨ੍ਹਾਂ ਨੂੰ ਵੱਡੀ ਰਾਹਤ ਦੀ ਲੋੜ ਹੈ। ਪ੍ਰਧਾਨ ਸਦਰਪੁਰਾ ਨੇ ਦੱਸਿਆ ਕਿ ਹੜ੍ਹਾਂ ਵਿੱਚ ਬੁਰੀ ਤਰ੍ਹਾਂ ਫਸੇ ਡੇਅਰੀ ਫਾਰਮਰਾਂ ਨੂੰ ਇਸ ਮੁਸੀਬਤ ਵਿੱਚੋਂ ਕੱਢਣਾ ਹੈ, ਜਿਸ ਲਈ ‘ਪੀ ਡੀ ਐੱਫ ਏ’ ਪੂਰਾ ਸਹਿਯੋਗ ਦੇਵੇਗੀ। ‘ਪੀ ਡੀ ਐੱਫ ਏ’ ਦੇ ਕਮੇਟੀ ਮੈਂਬਰਾਂ ਵਲੋਂ ਪਹਿਲੇ ਪੜਾਅ ਵਿੱਚ ਹੀ 45 ਲੱਖ ਰੁਪਏ ਦੀ ਰਾਸ਼ੀ ਦਾ ਵੱਡਾ ਯੋਗਦਾਨ ਪਾਇਆ ਗਿਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਡੇਅਰੀ ਮਸ਼ੀਨਰੀ ਦਾ ਨਿਰਮਾਣ ਕਰਨ ਵਾਲੀਆਂ ਵੱਡੀਆਂ ਛੋਟੀਆਂ ਕੰਪਨੀਆਂ ਨੂੰ ਵੀ ਡੇਅਰੀ ਫਾਰਮਰਾਂ ਨਾਲ ਖੜ੍ਹਨ ਦੀ ਅਪੀਲ ਕੀਤੀ ਹੈ। ਪ੍ਰੈੱਸ ਸਕੱਤਰ ਰੇਸ਼ਮ ਸਿੰਘ ਭੁੱਲਰ ਨੇ ਦੱਸਿਆ ਕਿ ‘ਪੀ ਡੀ ਐੱਫ ਏ’ ਹੜ੍ਹ ਰਾਹਤ ਫੰਡ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇਗਾ। ਇਸ ਦਾ ਪੂਰਾ ਹਿਸਾਬ ‘ਪੀ ਡੀ ਐੱਫ ਏ’ ਦੇ ਸੋਸ਼ਲ ਮੀਡੀਆ ਪੇਜ ’ਤੇ ਸਾਂਝਾ ਕੀਤਾ ਜਾਵੇਗਾ।