ਮੀਟਿੰਗ ਦੇ ਭਰੋਸੇ ਮਗਰੋਂ ਪਟਵਾਰੀਆਂ ਦਾ ਧਰਨਾ ਮੁਲਤਵੀ
ਮਹਿੰਦਰ ਸਿੰਘ ਰੱਤੀਆਂ
ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਨੇ ਸਰਕਾਰ ਵੱਲੋਂ ਪਟਵਾਰ ਹਲਕਿਆਂ ਦੀ ਗਿਣਤੀ ਘਟਾਉਣ ਦੇ ਫ਼ੈਸਲੇ ਖ਼ਿਲਾਫ਼ ਅੱਜ ਤਰਨ ਤਾਰਨ ਵਿੱਚ ਦਿੱਤਾ ਜਾਣ ਵਾਲਾ ਧਰਨਾ ਫ਼ਿਲਹਾਲ ਮੁਲਤਵੀ ਕਰ ਦਿੱਤਾ ਹੈ। ਇਹ ਫ਼ੈਸਲਾ ਮਾਲ ਮੰਤਰੀ ਵੱਲੋਂ ਮੀਟਿੰਗ ਲਈ ਲਿਖਤੀ ਸੱਦਾ ਮਿਲਣ ਤੋਂ ਬਾਅਦ ਲਿਆ ਗਿਆ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਅਤੇ ਸੂਬਾ ਜਨਰਲ ਸਕੱਤਰ ਸੁਖਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਜਥੇਬੰਦੀ ਸੂਬਾ ਸਰਕਾਰ ਵੱਲੋਂ ਪਟਵਾਰ ਹਲਕਿਆਂ ਦੀ ਗਿਣਤੀ 4716 ਤੋਂ ਘਟਾ ਕੇ 3660 ਕਰਨ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ ਅਤੇ ਹੋਰ ਮੰਗਾਂ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਸ ਵੇਲੇ 2000 ਤੋਂ ਵੱਧ ਮਾਲ ਪਟਵਾਰੀਆਂ ਦੀ ਘਾਟ ਹੈ। ਇਸ ਕਾਰਨ ਇੱਕ-ਇੱਕ ਪਟਵਾਰੀ ਨੂੰ ਤਿੰਨ ਤੋਂ ਪੰਜ ਹਲਕਿਆਂ ਦਾ ਵਾਧੂ ਚਾਰਜ ਸੰਭਾਲਣਾ ਪੈ ਰਿਹਾ ਹੈ ਅਤੇ ਆਮ ਲੋਕ ਆਪਣੇ ਕੰਮਾਂ ਲਈ ਖੱਜਲ-ਖ਼ੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜ਼ਿਲ੍ਹਿਆਂ ਦੀ ਗਿਣਤੀ 12 ਤੋਂ 23 ਅਤੇ ਤਹਿਸੀਲਾਂ ਦੀ 62 ਤੋਂ 97 ਹੋ ਚੁੱਕੀ ਹੈ ਪਰ ਪਟਵਾਰ ਹਲਕੇ ਵਧਾਉਣ ਦੀ ਥਾਂ ਘੱਟ ਕਰ ਦਿੱਤੇ ਗਏ ਹਨ। ਆਗੂਆਂ ਨੇ ਦੱਸਿਆ ਕਿ ਅੱਜ ਅੱਠ ਨਵੰਬਰ ਨੂੰ ਤਰਨ ਤਾਰਨ ਵਿੱਚ ਜਥੇਬੰਦੀ ਦੀ 46 ਮੈਂਬਰੀ ਸੂਬਾ ਟੀਮ ਦਾ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਸੀ। ਇਸ ਦੌਰਾਨ ਤਰਨ ਤਾਰਨ ਵਿੱਚ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੰਦਿਆਂ 17 ਨਵੰਬਰ ਨੂੰ ਮੀਟਿੰਗ ਦਾ ਸੱਦਾ ਦਿੱਤਾ ਪਰ ਜਥੇਬੰਦੀ ਨੇ ਸਿਰਫ਼ ਜ਼ੁਬਾਨੀ ਭਰੋਸੇ ’ਤੇ ਧਰਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਅਤੇ ਮੀਟਿੰਗ ਦਾ ਲਿਖਤੀ ਸੱਦਾ ਨਾ ਮਿਲਣ ’ਤੇ ਧਰਨਾ ਦੇਣ ਦੀ ਚਿਤਾਵਨੀ ਦਿੱਤੀ। ਇਸ ਤੋਂ ਬਾਅਦ ਮਾਲ ਮੰਤਰੀ ਨੇ ਜਥੇਬੰਦੀ ਨੂੰ ਮੀਟਿੰਗ ਲਈ ਲਿਖਤੀ ਤੌਰ ’ਤੇ ਤਰੀਕ ਦਿੱਤੀ। ਸੂਬਾ ਕਮੇਟੀ ਨੇ ਤਿੰਨ ਨਵੰਬਰ ਦੀ ਮੀਟਿੰਗ ਵਿੱਚ ਹੋਈ ਸਹਿਮਤੀ ਮੁਤਾਬਕ ਲਿਖਤੀ ਸੱਦਾ ਮਿਲਣ ਤੋਂ ਬਾਅਦ ਅੱਜ ਦਾ ਧਰਨਾ ਮੁਲਤਵੀ ਕਰ ਦਿੱਤਾ ਹੈ। ਪਰ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ 17 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਸਾਰਥਕ ਹੱਲ ਨਾ ਕੱਢਿਆ ਤਾਂ ਉਹ ਸੂਬਾ ਪੱਧਰ ’ਤੇ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਸਰਬਜੀਤ ਸਿੰਘ ਸੰਧੂ (ਜ਼ਿਲ੍ਹਾ ਪ੍ਰਧਾਨ, ਤਰਨ ਤਾਰਨ), ਗੁਰਜੰਟ ਸਿੰਘ ਸੋਹੀ (ਜ਼ਿਲ੍ਹਾ ਪ੍ਰਧਾਨ, ਅੰਮ੍ਰਿਤਸਰ), ਸੁਮਨਦੀਪ ਸਿੰਘ ਭੁੱਲਰ (ਨੁਮਾਇੰਦਾ, ਕੁਲ ਹਿੰਦ), ਪਵਨ (ਸੂਬਾ ਖਜ਼ਾਨਚੀ), ਹਰਪਾਲ ਸਿੰਘ ਸਮਰਾ (ਸੂਬਾ ਮੀਤ ਪ੍ਰਧਾਨ), ਸੁਰਿੰਦਰ ਦਿਓਲ, ਸਾਹਿਬਬੀਰ ਜੌਹਲ ਅਤੇ ਹੋਰ ਜਥੇਬੰਦਕ ਆਗੂ ਹਾਜ਼ਰ ਸਨ।
