ਰਿਕਾਰਡ ਆਨਲਾਈਨ ਨਾ ਹੋਣ ਕਾਰਨ ਪਟਵਾਰੀ ਮੁੜ ਮੁਅੱਤਲ
ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਜ਼ਮੀਨੀ ਮਾਲ ਰਿਕਾਰਡ ਮੁਕੰਮਲ ਕਰਨ ਵਿੱਚ ਕੁਤਾਹੀ ਦੇ ਦੋਸ਼ ਹੇਠ ਪਟਵਾਰੀ ਨਿਰਵੈਰ ਸਿੰਘ ਨੂੰ ਦੂਜੀ ਵਾਰ ਮੁਅੱਤਲ ਕਰ ਦਿੱਤਾ ਹੈ। ਪਹਿਲਾਂ ਵੀ ਤੱਤਕਾਲੀ ਡੀ ਸੀ ਨੇ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਨਿਰਵੈਰ ਸਿੰਘ ਨੂੰ ਮੁਅੱਤਲ ਕੀਤਾ ਸੀ। ਇਸ ਮਾਲ ਪਟਵਾਰੀ ਦੀ ਬਤੌਰ ਕਾਨੂੰਨਗੋ ਤਰੱਕੀ ਵੀ ਹੋਈ ਹੈ। ਗੰਭੀਰ ਦੋਸ਼ਾਂ ਹੇਠ ਇੱਕ ਹੋਰ ਪਟਵਾਰੀ ਸਮਸ਼ੇਰ ਸਿੰਘ ਬਰਾੜ ਨੂੰ ਪਹਿਲਾਂ ਮੁਅੱਤਲ ਕੀਤਾ ਜਾ ਚੁੱਕਾ ਹੈ।
ਜ਼ਿਲ੍ਹਾ ਮਾਲ ਅਫ਼ਸਰ ਲਕਸ਼ੈ ਗੁਪਤਾ ਨੇ ਪਟਵਾਰੀ ਨਿਰਵੈਰ ਸਿੰਘ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਡੀ ਸੀ ਨੇ ਅਹੁਦਾ ਸੰਭਾਲਦੇ ਹੀ ਸ਼ਹਿਰੀ ਲੋਕਾਂ ਨੂੰ ਜ਼ਮੀਨੀ ਫ਼ਰਦਾਂ ਲੈਣ ’ਚ ਹੋ ਰਹੀ ਖੱਜਲ-ਖੁਆਰੀ ਰੋਕਣ ਅਤੇ ਜ਼ਮੀਨੀ ਮਾਲ ਰਿਕਾਰਡ ਆਨਲਾਈਨ ਨਾ ਹੋਣ ਦਾ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਅੱਤਲ ਮਾਲ ਪਟਵਾਰੀ ਦੇ ਕਾਰਜਕਾਲ ਦਾ ਰਿਕਾਰਡ ਆਨਲਾਈਨ ਨਾ ਹੋ ਸਕਿਆ। ਇਸ ਮਗਰੋਂ ਡੀ ਸੀ ਨੇ ਪਟਵਾਰੀ ਨਿਰਵੈਰ ਸਿੰਘ ਨੂੰ ਮੁਅੱਤਲ ਕਰ ਦਿੱਤਾ। ਹਾਲਾਂਕਿ ਇਸ ਪਟਵਾਰੀ ਦੀ ਬਤੌਰ ਕਾਨੂੰਨਗੋ ਤਰੱਕੀ ਵੀ ਹੋ ਚੁੱਕੀ ਹੈ ਅਤੇ ਸਰਕਾਰ ਨੇ ਜ਼ਿਲ੍ਹਾ ਲੁਧਿਆਣਾ ’ਚ ਤਾਇਨਾਤੀ ਲਈ ਹੁਕਮ ਜਾਰੀ ਕੀਤੇ ਹੋਏ ਹਨ।
ਜ਼ਿਲ੍ਹਾ ਮਾਲ ਅਫਸਰ ਲਕਸ਼ੈ ਗੁਪਤਾ ਤੇ ਨੋਡਲ ਅਧਿਕਾਰੀ ਅਨੁਸਾਰ ਸ਼ਹਿਰ ਦੇ ਪੰਜ ਪਟਵਾਰ ਹਲਕਿਆਂ ਮੋਗਾ ਮਹਿਲਾ ਸਿੰਘ ’ਚੋਂ ਹਲਕਾ 2, 3 ਅਤੇ ਮੋਗਾ ਜੀਤ ਸਿੰਘ ਦੇ ਹਲਕਾ 2 ਦਾ ਮਾਲ ਰਿਕਾਰਡ ਬਹੁਤ ਜਲ਼ਦੀ ਆਨਲਾਈਨ ਹੋ ਜਾਵੇਗਾ।
ਦੂਜੇ ਪਾਸੇ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਬਲਕਰਨ ਸਿੰਘ ਢਿੱਲੋਂ ਨੇ ਕਿਹਾ ਕਿ ਜ਼ਮੀਨੀ ਮਾਲ ਰਿਕਾਰਡ ਡਿਜੀਟਾਈਜੇਸ਼ਨ ਹੋਣ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿ ਹੱਥ ਲਿਖਤ ਗਲਤੀਆਂ ਦੀ ਦਰੁਸਤੀ ਲਈ ਲੋਕ ਭਟਕ ਰਹੇ ਹਨ। ਆਮ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਆਖਿਆ ਕਿ ਕਥਿਤ ਸਿਆਸੀ ਦਖ਼ਲ ਕਾਰਨਾਂ ਕਰ ਕੇ ਇਥੇ ਮਾਲ ਪਟਵਾਰੀ ਦੀ ਤਾਇਨਾਤੀ ਹੁੰਦੀ ਹੈ ਜੋ ਗਲਤ ਪਿਰਤ ਹੈ।
