ਪਟਿਆਲਾ: ਦੇਰੀ ਨਾਲ ਪੁੱਜੇ ਵਿਦਿਆਰਥੀ ਵੱਲੋਂ ਪ੍ਰੀਖਿਆ ਹਾਲ ’ਚ ਸਹਾਇਕ ਪ੍ਰੋਫੈਸਰ ’ਤੇ ਲੋਹੇ ਦੇ ਬੈਂਚ ਨਾਲ ਹਮਲਾ
ਇਥੇ ਯੂਨੀਵਰਸਿਟੀ ਕੈਂਪਸ ਵਿੱਚ ਕੰਪਿਊਟਰ ਸਾਇੰਸ ਅਤੇ ਤਕਨਾਲੋਜੀ ਦੇ ਤੀਜੇ ਸਾਲ ਦੇ ਵਿਦਿਆਰਥੀ ਨੇ ਕਥਿਤ ਤੌਰ ’ਤੇ ਇੱਕ ਸਹਾਇਕ ਪ੍ਰੋਫੈਸਰ ’ਤੇ ਲੋਹੇ ਦੇ ਬੈਂਚ ਨਾਲ ਹਮਲਾ ਕਰ ਦਿੱਤਾ। ਸਹਾਇਕ ਪ੍ਰੋਫੈਸਰ ਨੇ ਮਿਡ-ਟਰਮ ਪ੍ਰੀਖਿਆ ਵਿੱਚ ਦੇਰੀ ਨਾਲ ਪਹੁੰਚਣ ’ਤੇ ਵਿਦਿਆਰਥੀ ਨੂੰ ਪ੍ਰੀਖਿਆ ਸੈਂਟਰ ਵਿਚ ਦਾਖਲਾ ਦੇਣ ਤੋਂ ਇਨਕਾਰ ਕੀਤਾ ਸੀ।
ਇਹ ਘਟਨਾ ਮੰਗਲਵਾਰ ਸਵੇਰੇ ਉਦੋਂ ਵਾਪਰੀ ਜਦੋਂ ਵਿਦਿਆਰਥੀ ਇੱਕ ਘੰਟੇ ਦੀ ਲੰਬੀ ਪ੍ਰੀਖਿਆ ਲਈ ਕਰੀਬ 30 ਮਿੰਟ ਦੇਰੀ ਨਾਲ ਪ੍ਰੀਖਿਆ ਹਾਲ ਵਿਚ ਪਹੁੰਚਿਆ। ਪ੍ਰੀਖਿਆ ਦੀ ਨਿਗਰਾਨੀ ਕਰ ਰਹੇ ਡਾ. ਲਾਲ ਚੰਦ ਨੇ ਦੇਰੀ ਦਾ ਹਵਾਲਾ ਦਿੰਦੇ ਹੋਏ ਵਿਦਿਆਰਥੀ ਨੂੰ ਬੈਠਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
ਚਸ਼ਮਦੀਦਾਂ ਅਨੁਸਾਰ ਵਿਦਿਆਰਥੀ ਪਹਿਲਾਂ ਤਾਂ ਕਮਰੇ ਤੋਂ ਬਾਹਰ ਚਲਾ ਗਿਆ ਪਰ ਕੁਝ ਦੇਰ ਬਾਅਦ ਲੋਹੇ ਦਾ ਬੈਂਚ ਲੈ ਕੇ ਵਾਪਸ ਆਇਆ। ਡਾ. ਚੰਦ ਕੁਝ ਕਹਿੰਦੇ ਜਾਂ ਕਰਦੇ ਵਿਦਿਆਰਥੀ ਨੇ ਕਥਿਤ ਤੌਰ ’ਤੇ ਉਸ ਬੈਂਚ ਨਾਲ ਸਹਾਇਰ ਪ੍ਰੋਫੈਸਰ ਦੇ ਸਿਰ ’ਤੇ ਵਾਰ ਕੀਤਾ ਅਤੇ ਮੌਕੇ ਤੋਂ ਭੱਜ ਗਿਆ।
ਡਾ. ਚੰਦ ਨੂੰ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਰਾਜਿੰਦਰਾ ਹਸਪਤਾਲ, ਪਟਿਆਲਾ ਰੈਫਰ ਕਰ ਦਿੱਤਾ ਗਿਆ। ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਨੇ ਕਿਹਾ, ‘‘ਮਰੀਜ਼ ਦਾ ਸੀਟੀ ਸਕੈਨ ਕੀਤਾ ਗਿਆ। ਹੁਣ ਤੱਕ ਕੋਈ ਟਾਂਕੇ ਨਹੀਂ ਲਗਾਏ ਗਏ।’’
ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਨੇ ਇਸ ਘਟਨਾ ’ਤੇ ਡੂੰਘਾ ਦੁੱਖ ਜਤਾਉਂਦਿਆਂ ਕਿਹਾ ਕਿ ਯੂਨੀਵਰਸਿਟੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਫੈਕਲਟੀ ਮੈਂਬਰ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਵਿਦਿਆਰਥੀ ਵਿਰੁੱਧ ‘ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ’। ਪੁਲੀਸ ਨੂੰ ਅਜੇ ਤੱਕ ਘਟਨਾ ਬਾਰੇ ਸੂਚਿਤ ਨਹੀਂ ਕੀਤਾ ਗਿਆ ਹੈ।
