ਪਟਿਆਲਾ ਜੇਲ੍ਹ ਹਮਲਾ/ਸਾਬਕਾ ਪੁਲੀਸ ਇੰਸਪੈਕਟਰ ਸੂਬਾ ਸਿੰਘ ਦੀ ਮੌਤ
ਗੁਰਨਾਮ ਸਿੰਘ ਅਕੀਦਾ
ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਕੈਦੀ ਸੰਦੀਪ ਸਿੰਘ ਸੰਨ੍ਹੀ ਵੱਲੋਂ ਕੀਤੇ ਕਥਿਤ ਹਮਲੇ ਦੌਰਾਨ ਜ਼ਖ਼ਮੀ ਹੋਏ ਸਾਬਕਾ ਪੁਲੀਸ ਇੰਸਪੈਕਟਰ ਸੂਬਾ ਸਿੰਘ ਦੀ ਅੱਜ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਮੌਤ ਹੋ ਗਈ ਹੈ। ਸੂਬਾ ਸਿੰਘ (84) ਅੰਮ੍ਰਿਤਸਰ ਨਾਲ ਸਬੰਧਿਤ ਸੀ। ‘ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ’ ਨੇ ਮਾਮਲੇ ਦੀ ਜਾਂਚ ਕਰ ਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੇ ਕੇਸਾਂ ਵਿੱਚ ਜੇਲ੍ਹ ’ਚ ਬੰਦ ਸਾਬਕਾ ਪੁਲੀਸ ਅਧਿਕਾਰੀਆਂ ਸੇਵਾਮੁਕਤ ਡੀ.ਐੱਸ.ਪੀ. ਗੁਰਬਚਨ ਸਿੰਘ, ਇੰਸਪੈਕਟਰ ਸੂਬਾ ਸਿੰਘ ਅਤੇ ਇੰਸਪੈਕਟਰ ਇੰਦਰਜੀਤ ਸਿੰਘ ਦਾ ਸ਼ਿਵ ਸੈਨਾ ਆਗੂ ਸੰਜੀਵ ਸੂਰੀ ਨੂੰ ਕਥਿਤ ਕਤਲ ਕਰਨ ਵਾਲੇ ਸੰਦੀਪ ਸਿੰਘ ਸੰਨ੍ਹੀ ਨਾਲ ਝਗੜਾ ਹੋ ਗਿਆ ਸੀ।
ਇਹ ਝਗੜਾ ਇੰਨਾ ਵਧ ਗਿਆ ਕਿ ਇਕ ਦੂਜੇ ’ਤੇ ਘਾਤਕ ਹਮਲੇ ਕੀਤੇ ਗਏ, ਇਸ ਦੌਰਾਨ ਸੂਬਾ ਸਿੰਘ ਕਾਫ਼ੀ ਜ਼ਖ਼ਮੀ ਹੋ ਗਿਆ, ਜਿਸ ਦੀ ਅੱਜ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਰਾਜਿੰਦਰਾ ਹਸਪਤਾਲ ਵਿੱਚ
ਮੌਤ ਹੋ ਗਈ ਹੈ। ਦੂਜੇ ਪਾਸੇ ‘ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ’ ਦੇ ਕਾਰਜਕਾਰੀ ਸੂਬਾ ਪ੍ਰਧਾਨ ਰਿਟਾ. ਡੀ.ਐੱਸ.ਪੀ. ਚਰਨ ਸਿੰਘ ਨੇ ਘਟਨਾ ’ਤੇ ਅਫਸੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ’ਚ ਕਾਰਵਾਈ ਨਾ ਹੋਣ ’ਤੇ ਕੇਂਦਰੀ ਗ੍ਰਹਿ ਮੰਤਰੀ ਤੱਕ ਪਹੁੰਚ ਕੀਤੀ ਜਾਵੇਗੀ।