ਪਟਿਆਲਾ ਜ਼ਿਲ੍ਹੇ ’ਚ ਬੌਣੇ ਵਾਇਰਸ ਦਾ ਹਮਲਾ ਸਭ ਤੋਂ ਵੱਧ
ਰਵੇਲ ਸਿੰਘ ਭਿੰਡਰ
ਪਟਿਆਲਾ ਜ਼ਿਲ੍ਹੇ ਅੰਦਰ ਝੋਨੇ ’ਤੇ ਬੌਣੇ ਵਾਇਰਸ ਦੀ ਮਾਰ ਪੰਜਾਬ ਵਿੱਚ ਸਭ ਤੋਂ ਵੱਧ ਹੈ| ਇਸ ਜ਼ਿਲ੍ਹੇ ਅੰਦਰ ਹੁਣ ਤੱਕ ਨੌਂ ਹਜ਼ਾਰ ਏਕੜ ਝੋਨਾ ਇਸ ਵਾਇਰਸ ਦੀ ਲਪੇਟ ’ਚ ਹੈ। ਕਿਸਾਨਾਂ ਨੇ ਦੁਖੀ ਹੋ ਕੇ ਇਸ ਵਿੱਚੋਂ 500 ਏਕੜ ਤੋਂ ਵੱਧ ਝੋਨਾ ਵਾਹ ਦਿੱਤਾ ਹੈ| ਬੌਣੇ ਵਾਇਰਸ ਦੇ ਨਾਲ ਹੀ ਝੋਨੇ ’ਤੇ ‘ਝੂਠੀ ਕਾਂਗਿਆਰੀ’ (ਹਲਦੀ ਰੋਗ) ਦੀ ਵੀ ਮਾਰ ਪੈ ਰਹੀ ਹੈ| ਇਸ ਤੋਂ ਇਲਾਵਾ ਚਿੰਤਾ ਇਸ ਗੱਲ ਦੀ ਹੈ ਕਿ ਇਹ ਬਿਮਾਰੀ ਹੁਣ ਤੰਦਰੁਸਤ ਖੜ੍ਹੀ ਫ਼ਸਲ ਨੂੰ ਵੀ ਆਪਣੇ ਕਲਾਵੇ ’ਚ ਲੈ ਰਹੀ ਹੈ|
ਪਟਿਆਲਾ ਤੋਂ ਇਲਾਵਾ ਰੋਪੜ, ਨਵਾਂ ਸ਼ਹਿਰ, ਹੁਸ਼ਿਆਰਪੁਰ ਤੇ ਫਤਹਿਗੜ੍ਹ ਸਾਹਿਬ, ਸੰਗਰੂਰ ਆਦਿ ਜ਼ਿਲ੍ਹਿਆਂ ਅੰਦਰ ਵੀ ਇਸ ਵਾਇਰਸ ਨੇ ਪੈਰ ਪਸਾਰੇ ਹੋਏ ਹਨ। ਪਟਿਆਲਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ ਝੋਨੇ ’ਤੇ ਬੌਣੇ ਵਾਇਰਸ ਦਾ ਹਮਲਾ ਪੰਜਾਬ ’ਚੋਂ ਸਭ ਤੋਂ ਵੱਧ ਹੈ| ਹੁਣ ਤੱਕ ਜ਼ਿਲ੍ਹੇ ਅੰਦਰ ਨੌਂ ਹਜ਼ਾਰ ਏਕੜ ਫ਼ਸਲ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਈ ਹੈ ਜਿਸ ’ਚੋਂ ਕਿਸਾਨਾਂ ਨੇ 500 ਏਕੜ ਤੋਂ ਵੱਧ ਝੋਨਾ ਵਾਹ ਦਿੱਤਾ ਹੈ| ਇਸ ਵਾਇਰਸ ਦਾ ਸਭ ਤੋਂ ਵੱਧ ਹਮਲਾ ਪੀ ਆਰ-131, ਪੀ ਆਰ-132 ਅਤੇ ਪੀ ਆਰ-114 ਕਿਸਮਾਂ ’ਤੇ ਵੇਖਿਆ ਜਾ ਰਿਹਾ ਹੈ| ਕੁਝ ਅਗੇਤੀਆਂ ਕਿਸਮਾਂ ਵੀ ਇਸ ਬਿਮਾਰੀ ਦੀ ਮਾਰ ਹੇਠ ਹਨ| ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖੇਤੀਬਾੜੀ ਵਿਭਾਗ ਦੀ ਸਲਾਹ ਮੁਤਾਬਕ ਹਰ ਹਰਬਾ ਵਰਤੇ ਜਾਣ ਦੇ ਬਾਵਜੂਦ ਰੋਗ ਦੂਰ ਨਹੀਂ ਹੋ ਰਿਹਾ ਜਿਸ ਕਾਰਨ ਉਹ ਫ਼ਸਲ ਨੂੰ ਵਾਹੁਣ ਲਈ ਮਜਬੂਰ ਹਨ। ਕਿਸਾਨ ਆਗੂ ਸੁਖਵੰਤ ਸਿੰਘ ਅਤਾਲਾਂ, ਬੀਰ ਸਿੰਘ ਰੰਧਾਵਾ ਤੇ ਗੁਰਧਿਆਨ ਸਿੰਘ ਭਾਨਰੀ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਵੀ ਇਸ ਸਬੰਧੀ ਗੰਭੀਰ ਹੋਵੇ|