ਪਠਾਨਕੋਟ ਦਾ ਪਹਿਲਾ ਪਿੰਡ ਹੋਇਆ ਵਾਈ-ਫਾਈ
ਹਲਕਾ ਭੋਆ ਦਾ ਪਿੰਡ ਰਮਕਾਲਵਾਂ ਵਾਈ-ਫਾਈ ਦੀ ਸਹੂਲਤ ਵਾਲਾ ਜ਼ਿਲ੍ਹਾ ਪਠਾਨਕੋਟ ਦਾ ਪਹਿਲਾ ਪਿੰਡ ਬਣ ਗਿਆ ਹੈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਰਮਕਾਲਵਾਂ ਵਿੱਚ ਵਾਈ-ਫਾਈ ਸਿਸਟਮ ਲਾਂਚ ਕਰ ਕੇ ਪਿੰਡ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੀ ਐੱਸ ਐੱਨ ਐੱਲ ਦੇ ਸਹਿਯੋਗ ਸਦਕਾ ਰਮਕਾਲਵਾਂ ਜ਼ਿਲ੍ਹਾ ਪਠਾਨਕੋਟ ਦਾ ਪਹਿਲਾ ਵਾਈ-ਫਾਈ ਦੀ ਸਹੂਲਤ ਵਾਲਾ ਪਿੰਡ ਬਣਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਅੰਦਰ ਬਹੁਤ ਹੀ ਵਾਜਬ ਕੀਮਤ ’ਤੇ ਵਾਈ ਫਾਈ ਸਿਸਟਮ ਲਗਾਇਆ ਗਿਆ ਹੈ ਜਿਸ ਦਾ ਬਿੱਲ ਵੀ ਪੰਚਾਇਤ ਵੱਲੋਂ ਦਿੱਤਾ ਜਾਇਆ ਕਰੇਗਾ। ਪਿੰਡ ਰਮਕਾਲਵਾਂ ਵਿੱਚ ਵਾਈ-ਫਾਈ ਸਿਸਟਮ ਹੋਣ ਨਾਲ ਵਿਦਿਆਰਥੀਆਂ ਨੂੰ ਇਸ ਦਾ ਬਹੁਤ ਜ਼ਿਆਦਾ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਅੰਦਰ ਇੰਟਰਨੈੱਟ ਦੀ ਸੁਵਿਧਾ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਲਈ ਦੂਰ ਦੇ ਖੇਤਰਾਂ ਵਿੱਚ ਕੈਫੇ ’ਤੇ ਜਾਣਾ ਪੈਂਦਾ ਸੀ, ਹੁਣ ਪਿੰਡ ਵਿੱਚ ਹੀ ਇੰਟਰਨੈੱਟ ਤੋਂ ਪੜ੍ਹਾਈ ਕਰ ਸਕਣਗੇ। ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ। ਇਸ ਮੌਕੇ ਬਲਾਕ ਪ੍ਰਧਾਨ ਸੰਦੀਪ ਕੁਮਾਰ, ਐੱਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਭਗਤ, ਸਰਪੰਚ ਸਰੋਜ ਬਾਲਾ, ਬੀ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਸੈਣੀ, ਡੀ ਜੀ ਐੱਮ ਬਲਬੀਰ ਸਿੰਘ, ਏ ਜੀ ਐੱਮ ਸੰਜੀਵ, ਏ ਜੀ ਐੱਮ ਵਿਰੇਸ਼, ਪਰਸ਼ੋਤਮ ਲਾਲ, ਪੰਚਾਇਤ ਮੈਂਬਰ ਰੂਪ ਲਾਲ, ਸੁਰਤੀ ਰਾਮ, ਨੀਨਾ ਦੇਵੀ ਤੇ ਸਾਹਿਲ ਕੁਮਾਰ ਆਦਿ ਵੀ ਹਾਜ਼ਰ ਸਨ।