ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ਅਰਜ਼ੀ ਮੁੜ ਖਾਰਜ
ਸਰਬਜੀਤ ਸਿੰਘ ਭੰਗੂ
ਸਨੌਰ ਹਲਕੇ ਦੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਅਗਾਊਂ ਜ਼ਮਾਨਤ ਲਈ ਦਾਇਰ ਕੀਤੀ ਗਈ ਅਰਜ਼ੀ ਅੱਜ ਇੱਥੋਂ ਦੀ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਵਿਧਾਇਕ, ਜਬਰ-ਜਨਾਹ ’ਤੇ ਆਧਾਰਿਤ ਧਾਰਾਵਾਂ ਤਹਿਤ ਕੇਸ ਦਾ ਸਾਹਮਣਾ ਕਰ ਰਿਹਾ ਹੈ। ਇਹ ਕੇਸ ਇੱਥੇ ਥਾਣਾ ਸਿਵਲ ਲਾਈਨ ਵਿੱਚ ਦਰਜ ਹੈ। ਇਹ ਅਰਜ਼ੀ ਅੱਜ ਦੂਜੀ ਵਾਰ ਖਾਰਜ ਹੋਈ ਹੈ।
ਇਸ ਤੋਂ ਪਹਿਲਾਂ 3 ਸਤੰਬਰ ਨੂੰ ਦਾਇਰ ਕੀਤੀ ਗਈ ਅਰਜ਼ੀ ਵੀ ਕਿਸੇ ਦਸਤਾਵੇਜ਼ੀ ਤਰੁੱਟੀ ਕਾਰਨ 10 ਸਤੰਬਰ ਨੂੰ ਖਾਰਜ ਹੋ ਗਈ ਸੀ। ਮਗਰੋਂ ਵਿਧਾਇਕ ਨੇ ਆਪਣੇ ਵਕੀਲਾਂ ਰਾਹੀਂ 22 ਸਤੰਬਰ ਨੂੰ ਮੁੜ ਅਗਾਊਂ ਜ਼ਮਾਨਤ ਲਈ ਸੋਧ ਕੇ ਅਰਜ਼ੀ ਦਾਇਰ ਕੀਤੀ ਸੀ। ਇਸ ਸਬੰਧੀ ਬਹਿਸ ਦੀ ਪ੍ਰਕਿਰਿਆ 29 ਸਤਬੰਰ ਨੂੰ ਮੁਕੰਮਲ ਹੋ ਗਈ ਸੀ ਪਰ ਅਦਾਲਤ ਨੇ ਫੈਸਲਾ 6 ਅਕਤੂਬਰ ਅਤੇ ਫੇਰ 9 ਅਕੂਤਬਰ ਲਈ ਰਾਖਵਾਂ ਰੱਖ ਲਿਆ ਸੀ। ਅੱਜ ਅਦਾਲਤ ਨੇ ਅਗਾਊਂ ਜ਼ਮਾਨਤ ਦੀ ਇਹ ਅਰਜ਼ੀ ਖਾਰਜ ਕਰ ਦਿੱਤੀ। ਵਿਧਾਇਕ ਵੱਲੋਂ ਅਗਾਊਂ ਜ਼ਮਾਨਤ ਲਈ ਹਾਈ ਕੋਰਟ ’ਚ ਜਲਦੀ ਅਰਜ਼ੀ ਦਾਇਰ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਹਾਈ ਕੋਰਟ ’ਚ ਪਟੀਸ਼ਨ ਪਾ ਕੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸਪੱਸ਼ਟ ਕਰੇ ਕਿ ਉਸ ਦੇ ਖਿਲਾਫ਼ ਕਿੰਨੇ ਅਤੇ ਕਿਹੜੇ ਕਿਹੜੇ ਪੁਲੀਸ ਕੇਸ ਦਰਜ ਕੀਤੇ ਹੋਏ ਹਨ। ਇਸ ਸਬੰਧੀ ਸੁਣਵਾਈ 17 ਅਕਤੂਬਰ ਨੂੰ ਹੋਣੀ ਹੈ। ਉਧਰ, ਵਿਧਾਇਕ ਦੀ ਪਤਨੀ ਵੱਲੋਂ ਪਟਿਆਲਾ ਵਿਚਲੀ ਵੱਖਰੀ ਅਦਾਲਤ ’ਚ ਦਾਇਰ ਕੀਤੀ ਗਈ ਵੱਖਰੀ ਅਰਜ਼ੀ ’ਤੇ ਸੁਣਵਾਈ 13 ਅਕਤੂਬਰ ਨੂੰ ਹੋਣੀ ਹੈ। ਉਨ੍ਹਾਂ ਢੁਕਵਾਂ ਇਲਾਜ ਨਾ ਕਰਵਾਉਣ ਦੇ ਦੋਸ਼ ਲਗਾਏ ਹਨ।