ਪਠਾਣਮਾਜਰਾ ਵੱਲੋਂ ਮੁੜ ਜ਼ਮਾਨਤ ਦੀ ਅਰਜ਼ੀ ਦਾਇਰ
ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ਸਬੰਧੀ ਅਰਜ਼ੀ ਰੱਦ ਹੋਣ ’ਤੇ ਉਨ੍ਹਾਂ ਮੁੜ ਤੋਂ ਅਦਾਲਤ ਦਾ ਰੁਖ਼ ਕੀਤਾ ਹੈ। ਉਨ੍ਹਾਂ ਵੱਲੋਂ ਮੁੜ ਦਾਇਰ ਕੀਤੀ ਅਰਜ਼ੀ ’ਤੇ ਅੱਜ ਸਥਾਨਕ ਅਦਾਲਤ ਵਿੱਚ ਮੁਢਲੀ ਕਾਰਵਾਈ ਸ਼ੁਰੂ ਹੋ ਗਈ ਹੈ ਤੇ ਹੁਣ ਪਹਿਲੀ ਅਕਤੂਬਰ ਨੂੰ ਬਹਿਸ ਦੀ ਸੰਭਾਵਨਾ ਹੈ। ਅਰਜ਼ੀ ਦਾਇਰ ਕਰਨ ਵਾਲੇ ਵਕੀਲ ਐਸ.ਐਸ.ਸੱਗੂ ਵੀ ਅਦਾਲਤ ’ਚ ਹਾਜ਼ਰ ਰਹੇ, ਪਰ ਸਰਕਾਰ ਪੱਖੀ ਦੋ ਵੱਡੇ ਵਕੀਲਾਂ ਨੇ ਲਿਖਤੀ ਜਵਾਬ ਪੇਸ਼ ਕੀਤਾ ਹੈ।
ਜ਼ਿਕਰਯੋਗ ਹੈ ਕਿ ਹੜ੍ਹਾਂ ਦੌਰਾਨ ਪਠਾਣਮਾਜਰਾ ਵੱਲੋਂ ‘ਆਪ’ ਦੀ ਦਿੱਲੀ ਟੀਮ ਦੀ ਆਲੋਚਨਾ ਕਰਨ ’ਤੇ ਉਸ ਖ਼ਿਲਾਫ਼ ਪੰਜਾਬ ਪੁਲੀਸ ਨੇ ਬਲਾਤਕਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ। ਇਸ ਮਗਰੋਂ ਉਹ ਰੂਪੋਸ਼ ਹੋ ਗਿਆ। ਅਗਾਊਂ ਜ਼ਮਾਨਤ ਦੀ ਉਸ ਦੀ ਅਰਜ਼ੀ 10 ਸਤੰਬਰ ਨੂੰ ਖਾਰਜ ਹੋ ਗਈ ਸੀ। ਵਿਧਾਇਕ ਖੇਮੇ ਦਾ ਤਰਕ ਹੈ ਕਿ ਅਗਾਊੂਂ ਜ਼ਮਾਨਤ ਰੋਕਣ ਲਈ ਸਰਕਾਰ ਵੱਲੋਂ ਵੱਡੇ ਵਕੀਲਾਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਪਹਿਲੀ ਅਕਤੂਬਰ ਲਈ ਮੁਕੱਰਰ ਹੋਈ ਅਦਾਲਤੀ ਬਹਿਸ ਦੀ ਕਾਰਵਾਈ ਦੀ ਐਡਵੋਕੇਟ ਸੱਗੂ ਨੇ ਪੁਸ਼ਟੀ ਕੀਤੀ ਹੈ। ਉਧਰ, ਪਠਾਣਮਾਜਰਾ ਨੇ ਆਪਣੇ ਚਹੇਤੇ ਰਣਜੋਧ ਹਡਾਣਾ ਨੂੰ ਸਨੌਰ ਦਾ ਹਲਕਾ ਇੰਚਾਰਜ ਬਣਾ ਕੇ ਵਧੇਰੇ ਸ਼ਕਤੀਆਂ ਦਿੱਤੀਆਂ ਹੋਈਆਂ ਹਨ। ਪਠਾਣਮਾਜਰਾ ਦੀ ਪਤਨੀ ਸਿਮਰਨਦੀਪ ਕੌਰ ਨੂੰ ਵੀ ਪੁਲੀਸ ਨੇ ਕਥਿਤ ਤੌਰ ’ਤੇ ਨਜ਼ਰਬੰਦ ਕਰਕੇ ਰੱਖਿਆ ਹੋਇਆ ਹੈ। ਵਕੀਲ ਸੱਗੂ ਰਾਹੀਂ ਉਸ ਦੀ ਪਤਨੀ ਨੇ ਵੀ ਅੱਜ ਅਦਾਲਤ ’ਚ ਅਰਜ਼ੀ ਦਿੱਤੀ ਹੈ। ਤਰਕ ਹੈ ਕਿ ਉਸ ’ਤੇ ਕੋਈ ਵੀ ਪਰਚਾ ਨਹੀਂ ਹੈ ਫੇਰ ਵੀ ਨਜ਼ਰਬੰਦ ਕੀਤਾ ਹੋਇਆ ਹੈ ਤੇ ਕਈ ਅਪਰੇਸ਼ਨਾਂ ਦੇ ਬਾਵਜੂਦ ਦਵਾਈ ਨਹੀਂ ਦਿਵਾਈ ਜਾ ਰਹੀ। ਇਸ ਅਰਜ਼ੀ ’ਤੇ ਸੁਣਵਾਈ 30 ਸਤੰਬਰ ਨੂੰ ਹੋਣੀ ਹੈ।