ਪਠਾਣਮਾਜਰਾ ਮਾਮਲਾ: ਮੁੱਖ ਮੰਤਰੀ ਸੈਣੀ ਨੂੰ ਮਿਲੇ ਝੀਂਡਾ
ਹਲਕਾ ਸਨੌਰ ਤੋਂ ‘ਆਪ’ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਮਾਮਲਾ ਹਰਿਆਣਾ ਵਿੱਚ ਭਖ਼ਦਾ ਜਾ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਰਨਾਲ ਦੇ ਐੱਸ ਪੀ ਨੂੰ ਮਾਮਲੇ ਦੀ ਪੜਤਾਲ ਕਰਨ ਲਈ ਕਿਹਾ ਹੈ। ਇਸ ਸਬੰਧੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਦੱਸਿਆ ਉਹ ਸ਼ਾਮ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਚੰਡੀਗੜ੍ਹ ’ਚ ਮਿਲੇ ਸਨ। ਉਨ੍ਹਾਂ ਨੇ ਮੁੱਖ ਮੰਤਰੀ ਨਾਲ ਡਬਰੀ ਪਿੰਡ ’ਚ ਪਠਾਣਮਾਜਰਾ ਦੇ ਰਿਸ਼ਤੇਦਾਰਾਂ ਖ਼ਿਲਾਫ਼ ਦਰਜ ਕੇਸ ਬਾਰੇ ਗੱਲਬਾਤ ਕੀਤੀ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਐੱਸ ਪੀ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।
ਸ੍ਰੀ ਝੀਂਡਾ ਨੇ ਕਿਹਾ ਕਿ ਡਬਰੀ ਪਿੰਡ ਦਾ ਗੁਰਨਾਮ ਸਿੰਘ ਵਿਧਾਇਕ ਪਠਾਣਮਾਜਰਾ ਦਾ ਰਿਸ਼ਤੇਦਾਰ ਹੈ। ਉਨ੍ਹਾਂ ਕਿਹਾ ਕਿ ਗੁਰਨਾਮ ਸਿੰਘ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਹੈ। ਜੇ ਉਸ ਖ਼ਿਲਾਫ਼ ਕੋਈ ਸ਼ਿਕਾਇਤ ਸੀ ਤਾਂ ਪਹਿਲਾਂ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਾਲ ਗੱਲ ਕੀਤੀ ਜਾਣੀ ਚਾਹੀਦੀ ਸੀ ਜਾਂ ਜ਼ਿਲ੍ਹੇ ਦੀ ਪੁਲੀਸ ਨੂੰ ਵਿਸ਼ਵਾਸ ਵਿੱਚ ਲਿਆ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਵਿਧਾਇਕ ਪਠਾਣਮਾਜਰਾ ਨੇ ਕੀ ਗ਼ਲਤੀ ਜਾਂ ਅਪਰਾਧ ਕੀਤਾ ਹੈ ਪਰ ਗੁਰਦੁਆਰਾ ਕਮੇਟੀ ਦੇ ਮੈਂਬਰ ਖ਼ਿਲਾਫ਼ ਕੇਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਕਰ ਕੇ ਪੰਜਾਬ ਪੁਲੀਸ ਖ਼ਿਲਾਫ਼ ਹਰਿਆਣਾ ਦੇ ਕਰਨਾਲ ਵਿੱਚ ਕੇਸ ਦਰਜ ਕਰਨਾ ਲਾਜ਼ਮੀ ਹੈ। ਸ੍ਰੀ ਝੀਂਡਾ ਨੇ ਦੱਸਿਆ ਕਿ 17 ਸਤੰਬਰ ਨੂੰ ਉਨ੍ਹਾਂ ਨੂੰ ਕਰਨਾਲ ਨੇ ਐੱਸ ਪੀ ਨੇ ਸੱਦਿਆ ਹੈ। ਇਸ ਦੌਰਾਨ ਉਹ ਪੰਜਾਬ ਪੁਲੀਸ ਖ਼ਿਲਾਫ਼ ਕੇਸ ਦਰਜ ਕਰਨ ਲਈ ਅਪੀਲ ਕਰਨਗੇ।