ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਸਦੀ ਕੋਟਾ: ਕੀ ਅੰਮ੍ਰਿਤਪਾਲ ਸਿੰਘ ਵਰਤ ਸਕੇਗਾ ਕਰੋੜਾਂ ਦੇ ਫੰਡ !

ਕੇਂਦਰ ਨੇ ਫੰਡਾਂ ਦੀ ਵਰਤੋਂ ਬਾਰੇ ਹੁੰਗਾਰਾ ਨਹੀਂ ਭਰਿਆ
Advertisement

ਕੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਆਪਣੇ ਸੰਸਦੀ ਕੋਟੇ ਦੇ ਕਰੋੜਾਂ ਰੁਪਏ ਦੇ ਫੰਡ ਵਰਤ ਸਕੇਗਾ? ਹਾਲੇ ਤੱਕ ਇਸ ਸਵਾਲ ਦੇ ਜਵਾਬ ਦਾ ਭੇਤ ਬਣਿਆ ਹੋਇਆ ਹੈ। ਡਿਬਰੂਗੜ੍ਹ ਜੇਲ੍ਹ ’ਚ ਨਜ਼ਰਬੰਦ ਸੰਸਦ ਮੈਂਬਰ ਆਪਣੇ ਸੰਸਦੀ ਕੋਟੇ ਦੇ ਫੰਡ ਆਪਣੇ ਅਧਿਕਾਰਤ ਪੀ ਏ ਜ਼ਰੀਏ ਵਰਤਣਾ ਚਾਹੁੰਦੇ ਹਨ ਪਰ ਕੇਂਦਰ ਸਰਕਾਰ ਨੇ ਹਾਲੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ। ਪੰਜਾਬ ਦੇ 13 ਲੋਕ ਸਭਾ ਮੈਂਬਰਾਂ ’ਚੋਂ ਇਕੱਲੇ ਅੰਮ੍ਰਿਤਪਾਲ ਸਿੰਘ ਹਨ ਜਿਨ੍ਹਾਂ ਦੇ ਸੰਸਦੀ ਕੋਟੇ ਦੇ ਫੰਡਾਂ ਦੀ ਵਰਤੋਂ ਦੇ ਰਾਹ ’ਚ ਕਾਨੂੰਨੀ ਅੜਿੱਕੇ ਬਣੇ ਹੋਏ ਹਨ।

ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ 2024 ਨੂੰ ਆਏ ਸਨ। ਕੇਂਦਰ ਸਰਕਾਰ ਨੇ ਕਰੀਬ 16 ਮਹੀਨੇ ਮਗਰੋਂ ਵੀ ਅੰਮ੍ਰਿਤਪਾਲ ਸਿੰਘ ਦੇ ਸੰਸਦੀ ਕੋਟੇ ਦੇ ਫੰਡਾਂ ਦੀ ਵਰਤੋਂ ਬਾਰੇ ਕੋਈ ਰਾਹ ਪੱਧਰਾ ਨਹੀਂ ਕੀਤਾ। ਪਤਾ ਲੱਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਰਾਹੀਂ ਕੇਂਦਰ ਸਰਕਾਰ ਨੂੰ ਇਹ ਪੱਤਰ ਭੇਜਿਆ ਗਿਆ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਪੀ ਏ ਨੂੰ ਸੰਸਦੀ ਕੋਟੇ ਦੇ ਫ਼ੰਡਾਂ ਦੀ ਸਿਫ਼ਾਰਸ਼ ਕਰਨ ਲਈ ਇਜਾਜ਼ਤ ਦਿੱਤੀ ਜਾਵੇ। ਸੂਤਰ ਦੱਸਦੇ ਹਨ ਕਿ ਇਸ ਪੱਤਰ ਦਾ ਕੋਈ ਜਵਾਬ ਨਹੀਂ ਆਇਆ।

Advertisement

ਸੰਸਦ ਮੈਂਬਰ ਦੇ ਨੇੜਲੇ ਆਖਦੇ ਹਨ ਕਿ ਹਲਕੇ ਦੇ ਵਿਕਾਸ ਕੰਮ ਪ੍ਰਭਾਵਿਤ ਹੋ ਰਹੇ ਹਨ ਅਤੇ ਸੰਸਦ ਮੈਂਬਰ ਨੂੰ ਵਿਕਾਸ ਕਰਨ ਦੇ ਹੱਕ ਤੋਂ ਕੇਂਦਰ ਵਾਂਝਾ ਕਰ ਰਿਹਾ ਹੈ। ਵੇਰਵਿਆਂ ਅਨੁਸਾਰ ਅੰਮ੍ਰਿਤਸਰ ਦੇ ਸੰਸਦ ਮੈਂਬਰ ਵੱਲੋਂ ਹੁਣ ਤੱਕ 2.82 ਕਰੋੜ, ਗੁਰਦਾਸਪੁਰ ਦੇ ਸੰਸਦ ਮੈਂਬਰ ਵੱਲੋਂ 1.79 ਕਰੋੜ, ਹੁਸ਼ਿਆਰਪੁਰ ਦੇ ਸੰਸਦ ਮੈਂਬਰ ਵੱਲੋਂ 3.31 ਕਰੋੜ ਤੇ ਫ਼ਿਰੋਜ਼ਪੁਰ ਦੇ ਸੰਸਦ ਮੈਂਬਰ ਵੱਲੋਂ 5.64 ਕਰੋੜ ਰੁਪਏ ਸੰਸਦੀ ਕੋਟੇ ਦੇ ਫੰਡਾਂ ’ਚੋਂ ਖ਼ਰਚ ਕੀਤੇ ਜਾ ਚੁੱਕੇ ਹਨ ਜਦੋਂ ਕਿ ਖਡੂਰ ਸਾਹਿਬ ਹਲਕੇ ਦੇ ਵਿਕਾਸ ਕੰਮਾਂ ਲਈ ਫੰਡਾਂ ਦੀ ਵਰਤੋਂ ਦੇ ਰਾਹ ਵਿਚਲੇ ਅੜਿੱਕੇ ਹਾਲੇ ਦੂਰ ਨਹੀਂ ਹੋਏ। ਪੰਜਾਬ ਦੇ ਲੋਕ ਸਭਾ ਮੈਂਬਰਾਂ ਨੂੰ 118.53 ਕਰੋੜ ਦੇ ਫੰਡਾਂ ਦੀ ਐਲੋਕੇਸ਼ਨ ਹੋਈ ਹੈ ਜਿਸ ਚੋਂ 30.71 ਕਰੋੜ ਖ਼ਰਚੇ ਜਾ ਚੁੱਕੇ ਹਨ। ਸੰਸਦ ਮੈਂਬਰ ਨੂੰ ਸਾਲਾਨਾ ਪੰਜ ਕਰੋੜ ਰੁਪਏ ਦੇ ਸੰਸਦੀ ਕੋਟੇ ਦੇ ਫੰਡ ਮਿਲਦੇ ਹਨ। ਅੰਮ੍ਰਿਤਪਾਲ ਸਿੰਘ ਕੌਮੀ ਸੁਰੱਖਿਆ ਐਕਟ ਤਹਿਤ ਅਪਰੈਲ 2023 ਤੋਂ ਡਿਬਰੂਗੜ੍ਹ ਜੇਲ੍ਹ ’ਚ ਬੰਦ ਹੈ। ਪਾਰਲੀਮੈਂਟ ਦੇ ਸੈਸ਼ਨ ’ਚ ਹਿੱਸਾ ਲੈਣ ਦੀ ਪ੍ਰਵਾਨਗੀ ਵੀ ਉਨ੍ਹਾਂ ਨੂੰ ਨਹੀਂ ਮਿਲੀ ਹੈ। ਸੂਤਰ ਆਖਦੇ ਹਨ ਕਿ ਸੰਸਦੀ ਕੋਟੇ ਦੇ ਫੰਡ ਜ਼ਿਲ੍ਹਾ ਅਥਾਰਿਟੀ ਨੂੰ ਟਰਾਂਸਫ਼ਰ ਹੁੰਦੇ ਹਨ ਅਤੇ ਸੰਸਦ ਮੈਂਬਰ ਫ਼ੰਡਾਂ ਦੀ ਵਰਤੋਂ ਲਈ ਸਿਫ਼ਾਰਸ਼ ਕਰ ਸਕਦੇ ਹਨ। ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਅਰਜ਼ੀ ਦਾਇਰ ਕਰਕੇ ਅਗਾਮੀ ਸਰਦ ਰੁੱਤ ਸੈਸ਼ਨ ’ਚ ਹਿੱਸਾ ਲੈਣ ਲਈ ਅੰਮ੍ਰਿਤਪਾਲ ਸਿੰਘ ਲਈ ਪੈਰੋਲ ਦੀ ਮੰਗ ਕੀਤੀ ਗਈ ਹੈ।

Advertisement
Show comments