ਬੱਚਾ ਵੇਚਣ ਵਾਲੇ ਮਾਪੇ ਜੇਲ੍ਹ ਭੇਜੇ
ਨਸ਼ੇ ਖ਼ਾਤਰ ਆਪਣਾ ਬੱਚਾ ਵੇਚਣ ਵਾਲੇ ਮਾਪਿਆਂ ਸੰਦੀਪ ਸਿੰਘ ਅਤੇ ਗੁਰਮਨ ਕੌਰ ਵਾਸੀ ਅਕਬਰਪੁਰ ਖੁਡਾਲ ਅਤੇ ਬੱਚਾ ਗੋਦ ਲੈਣ ਵਾਲੇ ਸੰਜੂ ਵਾਸੀ ਬੁਢਲਾਡਾ ਨੂੰ ਪੁਲੀਸ ਨੇ ਰਿਮਾਂਡ ਮਗਰੋਂ ਅਦਾਲਤ ’ਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਹੈ, ਜਦੋਂ ਕਿ ਪੁਲੀਸ ਬੱਚੇ ਨੂੰ ਪਹਿਲਾਂ ਹੀ ਅਨਾਥ ਆਸ਼ਰਮ ਨਥਾਣਾ ਭੇਜ ਚੁੱਕੀ ਹੈ। ਇਸ ਮਾਮਲੇ ’ਚ ਬੱਚੇ ਨੂੰ ਗੋਦ ਲੈਣ ਵਾਲੇ ਸੰਜੂ ਦੀ ਪਤਨੀ ਆਰਤੀ ਫ਼ਰਾਰ ਹੈ। ਪੁਲੀਸ ਰਿਮਾਂਡ ਦੌਰਾਨ ਪੁੱਛ-ਪੜਤਾਲ ਵਿੱਚ ਕਿਸੇ ਤਾਂਤਰਿਕ ਜਾਂ ਨਸ਼ੇ ਸਬੰਧੀ ਕੋਈ ਤੱਥ ਨਹੀਂਂ ਮਿਲੇ, ਜਦੋਂ ਕਿ ਪੁਲੀਸ ਨੂੰ ਇਸ ਮਾਮਲੇ ’ਚ ਕਿਸੇ ਤਾਂਤਰਿਕ ਵੱਲੋਂ ਪਰਿਵਾਰ ਨੂੰ ਇਹ ਕਹਿਣ ਦੀ ਜਾਣਕਾਰੀ ਮਿਲੀ ਸੀ ਕਿ ਪਰਿਵਾਰ ਇਹ ਬੱਚਾ ਵੇਚ ਦੇਵੇ ਕਿਉਂਕਿ ਇਹ ਬਹੁਤੀ ਦੇਰ ਜਿਊਂਦਾ ਨਹੀਂਂ ਰਹੇਗਾ। ਇਸ ਕਾਰਨ ਮਾਪਿਆਂ ਨੇ 1.80 ਲੱਖ ਰੁਪਏ ਵਿੱਚ ਆਪਣਾ ਬੱਚਾ ਕਬਾੜੀਏ ਸੰਜੂ ਵਾਸੀ ਬੁਢਲਾਡਾ ਨੂੰ ਵੇਚ ਦਿੱਤਾ। ਦੂਜੇ ਪਾਸੇ ਬੱਚੇ ਦੇ ਮਾਪੇ ਖੁਦ ਨਸ਼ੇ ਖਾਤਰ ਆਪਣਾ ਬੱਚਾ ਵੇਚਣ ਦੀ ਗੱਲ ਕਹਿ ਚੁੱਕੇ ਹਨ। ਜਾਂਚ ਅਧਿਕਾਰੀ ਦਲੇਰ ਸਿੰਘ ਨੇ ਕਿਹਾ ਕਿ ਤਾਂਤਰਿਕ ਜਾਂ ਨਸ਼ੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਰਿਮਾਂਡ ਪੂਰਾ ਹੋਣ ਉਪਰੰਤ ਤਿੰਨ ਮੁਲਜ਼ਮਾਂ ਸੰਦੀਪ ਸਿੰਘ, ਗੁਰਮਨ ਕੌਰ ਤੇ ਸੰਜੂ ਕੁਮਾਰ ਨੂੰ ਜੇਲ੍ਹ ਭੇਜ ਦਿੱਤਾ ਹੈ। ਇਨ੍ਹਾਂ ਖ਼ਿਲਾਫ਼ ਮਾਸੂਮ ਦੀ ਮਾਸੀ ਰੀਤੂ ਵਰਮਾ ਦੇ ਬਿਆਨ ’ਤੇ ਬੱਚਾ ਵੇਚਣ ਦੇ ਦੋਸ਼ ਅਧੀਨ ਬੱਚਾ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਵਿੱਚ ਬੱਚੇ ਨੂੰ ਗੋਦ ਲੈਣ ਵਾਲੀ ਆਰਤੀ ਹਾਲੇ ਫ਼ਰਾਰ ਹੈ। ਬਾਲ ਸੁਰੱਖਿਆ ਅਧਿਕਾਰੀ ਹਰਜਿੰਦਰ ਕੌਰ ਨੇ ਦੱਸਿਆ ਕਿ ਬੱਚਾ ਬਾਲ ਕਲਿਆਣ ਕਮੇਟੀ ਹਵਾਲੇ ਕਰ ਕੇ ਅਨਾਥ ਆਸ਼ਰਮ ਨਥਾਣਾ ਭੇਜ ਦਿੱਤਾ ਗਿਆ ਹੈ।
