ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੌ ਕਰੋੜ ਤੋਂ ਵੱਧ ਦੀ ਵਿਕੇਗੀ ਦੈੜੀ ਦੀ ਪੰਚਾਇਤੀ ਜ਼ਮੀਨ

ਅੱਜ ਹੋਵੇਗੀ ਨਿਲਾਮੀ; ਰਾਖਵੀਂ ਕੀਮਤ 20 ਕਰੋੜ ਰੁਪਏ ਪ੍ਰਤੀ ਏਕੜ ਰੱਖੀ; ਦੋ ਬੋਲੀਕਾਰ ਆਏ ਸਾਹਮਣੇ
ਦੈੜੀ ਦੀ ਪੰਚਾਇਤੀ ਜ਼ਮੀਨ ਵਿਚ ਲੱਗਿਆ ਮਲਕੀਅਤ ਵਾਲਾ ਬੋਰਡ।
Advertisement

ਕਰਮਜੀਤ ਸਿੰਘ ਚਿੱਲਾ

ਐੱਸਏਐੱਸ ਨਗਰ (ਮੁਹਾਲੀ), 1 ਜੂਨ

Advertisement

ਮੁਹਾਲੀ ਬਲਾਕ ਅਧੀਨ ਪੈਂਦੇ ਪਿੰਡ ਦੈੜੀ ਦੀ ਪੰਚਾਇਤ ਵੱਲੋਂ 20 ਕਰੋੜ ਪ੍ਰਤੀ ਏਕੜ ਦੀ ਰਾਖਵੀਂ ਕੀਮਤ ਤਹਿਤ ਆਪਣੀ ਮਲਕੀਅਤ ਵਾਲੀ 5 ਏਕੜ, 6 ਕਨਾਲ, 17 ਮਰਲੇ ਜ਼ਮੀਨ ਦੀ ਨਿਲਾਮੀ ਕੀਤੀ ਜਾਵੇਗੀ। ਇਹ ਨਿਲਾਮੀ ਡਿਪਟੀ ਕਮਿਸ਼ਨਰ ਮੁਹਾਲੀ ਦੇ ਸੈਕਟਰ-76 ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ 2 ਜੂਨ ਨੂੰ ਸਵੇਰੇ 11 ਵਜੇ ਹੋਵੇਗੀ। ਇਸ ਸਬੰਧੀ ਦੋ ਬੋਲੀਕਾਰਾਂ ਸਾਹਮਣੇ ਆਏ ਹਨ।

ਦੈੜੀ ਪਿੰਡ ਦੀ ਇਹ ਜ਼ਮੀਨ ਬਨੂੜ-ਲਾਂਡਰਾਂ ਕੌਮੀ ਮਾਰਗ ਤੋਂ ਏਅਰਪੋਰਟ ਨੂੰ ਜਾਂਦੀ ਸੜਕ ’ਤੇ ਪੈਂਦੀ ਹੈ। ਇੱਥੇ ਕਈ ਵੱਡੇ ਬਿਜ਼ਨਸ ਗਰੁੱਪਾਂ ਵੱਲੋਂ ਆਪਣੀਆਂ ਬਹੁ-ਮੰਤਵੀ ਕਲੋਨੀਆਂ ਕੱਟੀਆਂ ਹੋਈਆਂ ਹਨ। ਸਬੰਧਤ ਜ਼ਮੀਨ ਦਾ 2019 ਵਿੱਚ ਪਿੰਡ ਦੈੜੀ ਦੀ ਗ੍ਰਾਮ ਪੰਚਾਇਤ ਵੱਲੋਂ ਲੈਂਡਚੈਸਟਰ ਗਰੁੱਪ ਨਾਲ ਜ਼ਮੀਨੀ ਤਬਾਦਲਾ ਵੀ ਕੀਤਾ ਗਿਆ ਸੀ। ਪਿੰਡ ਦੈੜੀ ਦੇ ਇੱਕ ਵਸਨੀਕ ਬਲਜੀਤ ਸਿੰਘ ਵੱਲੋਂ ਉਦੋਂ ਇਸ ਤਬਾਦਲੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ। ਹਾਲਾਂਕਿ, ਅਦਾਲਤ ਨੇ 2020 ਵਿਚ ਇਹ ਤਬਾਦਲਾ ਰੱਦ ਕਰ ਦਿੱਤਾ ਸੀ। ਇਸ ਮਗਰੋਂ ਸਬੰਧਤ ਥਾਂ ’ਤੇ ਪਿੰਡ ਦੈੜੀ ਦੀ ਪੰਚਾਇਤ ਵੱਲੋਂ ਆਪਣੀ ਮਲਕੀਅਤ ਹੋਣ ਦੇ ਦਾਅਵੇ ਵਾਲੇ ਬੋਰਡ ਲਾ ਦਿੱਤੇ ਗਏ ਸਨ।

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਆਪਣੇ ਪੱਤਰ ਨੰਬਰ 51/90/2021/ਐਲਡੀ 2/ਮੁਹਾਲੀ/1484-88 ਨੰਬਰ ਰਾਹੀਂ 12 ਮਈ ਨੂੰ ਗ੍ਰਾਮ ਪੰਚਾਇਤ ਦੈੜੀ ਨੂੰ ਉਕਤ ਜ਼ਮੀਨ ਦੀ ਖੁੱਲ੍ਹੀ ਬੋਲੀ ਦੀ ਪ੍ਰਵਾਨਗੀ ਦੇ ਦਿੱਤੀ ਸੀ ਜਿਸ ਮਗਰੋਂ 2 ਜੂਨ ਨੂੰ ਨਿਲਾਮੀ ਤੈਅ ਕੀਤੀ ਗਈ। ਉਕਤ ਜ਼ਮੀਨ ਦੇ ਦੋ ਟੱਕ ਬਣਾਏ ਗਏ ਹਨ ਜਿਸ ਵਿੱਚੋਂ 5 ਏਕੜ, 3 ਕਨਾਲ, ਤਿੰਨ ਮਰਲੇ ਦਾ ਇੱਕ ਟੱਕ ਹੈ ਅਤੇ 3 ਕਨਾਲ, 14 ਮਰਲੇ ਦਾ ਦੂਜਾ ਟੱਕ ਹੈ। ਦੋਵਾਂ ਟੱਕਾਂ ਦੀ ਨਿਲਾਮੀ ਲਈ 20 ਕਰੋੜ ਪ੍ਰਤੀ ਏਕੜ ਦੀ ਆਧਾਰ ਕੀਮਤ ਤੈਅ ਕੀਤੀ ਗਈ ਹੈ।

ਪਹਿਲਾਂ ਵੀ ਪੰਜਾਹ ਕਰੋੜੀ ਹੈ ਦੈੜੀ ਦੀ ਪੰਚਾਇਤ

ਡੇਢ ਸੌ ਏਕੜ ਦੀ ਪੰਚਾਇਤੀ ਜ਼ਮੀਨ ਵਾਲੇ ਦੈੜੀ ਪਿੰਡ ਦੀ 2011 ਵਿਚ 14 ਏਕੜ ਜ਼ਮੀਨ ਏਅਰਪੋਰਟ ਰੋਡ ਵਿਚ ਆ ਗਈ ਸੀ, ਜਿਸ ਲਈ ਪੰਚਾਇਤ ਨੂੰ ਇੱਕ ਕਰੋੜ ਸੱਤਰ ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ 24 ਕਰੋੜ ਦੇ ਕਰੀਬ ਰਾਸ਼ੀ ਮਿਲੀ ਸੀ। ਇਹ ਸਾਰੀ ਰਾਸ਼ੀ ਐੱਫ਼ਡੀ ਦੇ ਰੂਪ ਵਿਚ ਬੈਂਕ ਵਿਚ ਜਮ੍ਹਾਂ ਹੈ, ਜਿਹੜੀ ਹੁਣ 50 ਕਰੋੜ ਤੋਂ ਵਧ ਚੁੱਕੀ ਹੈ। ਪੰਚਾਇਤ ਵੱਲੋਂ ਵੱਖ-ਵੱਖ ਗਰੁੱਪਾਂ ਨੂੰ 35 ਏਕੜ ਜ਼ਮੀਨ ਲੀਜ਼ ਉੱਤੇ ਵੀ ਦਿੱਤੀ ਹੋਈ ਹੈ ਜਿਸ ਤੋਂ ਕਰੀਬ 60 ਲੱਖ ਰੁਪਏ ਸਾਲਾਨਾ ਆਮਦਨ ਆਉਂਦੀ ਹੈ।

ਅੱਜ ਹੋਣ ਵਾਲੀ ਨਿਲਾਮੀ ਬਾਰੇ ਬੇਯਕੀਨੀ ਬਣੀ: ਅਧਿਕਾਰੀ

ਮੁਹਾਲੀ ਦੇ ਡੀਡੀਪੀਓ ਬਲਜਿੰਦਰ ਸਿੰਘ ਗਰੇਵਾਲ ਅਤੇ ਬੀਡੀਪੀਓ ਧਨਵੰਤ ਸਿੰਘ ਰੰਧਾਵਾ ਨੇ ਸੰਪਰਕ ਕਰਨ ’ਤੇ ਦੈੜੀ ਪਿੰਡ ਦੀ ਪੰਚਾਇਤੀ ਜ਼ਮੀਨ ਲਈ 20 ਕਰੋੜ ਰੁਪਏ ਪ੍ਰਤੀ ਏਕੜ ਆਧਾਰ ਕੀਮਤ ਨਿਰਧਾਰਿਤ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ 2 ਜੂਨ ਨੂੰ ਹੋਣ ਵਾਲੀ ਨਿਲਾਮੀ ਸਬੰਧੀ ਕਿਹਾ ਕਿ ਨਿਲਾਮੀ ਦੇ ਇਸ਼ਤਿਹਾਰ ਅਤੇ ਕੀਮਤ ਸਬੰਧੀ ਕੁਝ ਸ਼ਿਕਾਇਤਾਂ ਆਈਆਂ ਹਨ। ਇਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਕਰਕੇ 2 ਜੂਨ ਨੂੰ ਹੋਣ ਵਾਲੀ ਜ਼ਮੀਨ ਦੀ ਨਿਲਾਮੀ ਹੋਵੇਗੀ ਜਾਂ ਨਹੀਂ, ਇਸ ਸਬੰਧੀ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਅਗਲਾ ਫੈਸਲਾ ਲਿਆ ਜਾਵੇਗਾ।

Advertisement