ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰਤ ਵੱਲੋਂ ਤਬਾਹ ਅਤਿਵਾਦੀ ਕੈਂਪ ਮੁੜ ਬਣਾ ਰਿਹੈ ਪਾਕਿਸਤਾਨ

ਉੱਜਵਲ ਜਲਾਲੀ ਨਵੀਂ ਦਿੱਲੀ, 28 ਜੂਨ ਪਾਕਿਸਤਾਨ ਮਈ ਵਿੱਚ ਭਾਰਤੀ ਫੌਜ ਵੱਲੋਂ ‘ਅਪਰੇਸ਼ਨ ਸਿੰਧੂਰ’ ਦੌਰਾਨ ਤਬਾਹ ਕੀਤੇ ਗਏ ਅਤਿਵਾਦੀ ਢਾਂਚਿਆਂ ਨੂੰ ਮੁੜ ਤੋਂ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕੰਮ ਵਾਸਤੇ ਗੁਆਂਢੀ ਮੁਲਕ ਦੀ ਫੌਜ ਅਤੇ ਖ਼ੁਫੀਆ ਏਜੰਸੀ...
Advertisement

ਉੱਜਵਲ ਜਲਾਲੀ

ਨਵੀਂ ਦਿੱਲੀ, 28 ਜੂਨ

Advertisement

ਪਾਕਿਸਤਾਨ ਮਈ ਵਿੱਚ ਭਾਰਤੀ ਫੌਜ ਵੱਲੋਂ ‘ਅਪਰੇਸ਼ਨ ਸਿੰਧੂਰ’ ਦੌਰਾਨ ਤਬਾਹ ਕੀਤੇ ਗਏ ਅਤਿਵਾਦੀ ਢਾਂਚਿਆਂ ਨੂੰ ਮੁੜ ਤੋਂ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕੰਮ ਵਾਸਤੇ ਗੁਆਂਢੀ ਮੁਲਕ ਦੀ ਫੌਜ ਅਤੇ ਖ਼ੁਫੀਆ ਏਜੰਸੀ ਆਈਐੱਸਆਈ ਗੁਪਤ ਤੌਰ ’ਤੇ ਫੰਡ ਦੇ ਰਹੀਆਂ ਹਨ। ਇਹ ਜਾਣਕਾਰੀ ਅੱਜ ਆਲਾਮਿਆਰੀ ਸੂਤਰਾਂ ਨੇ ਦਿੱਤੀ।

ਭਾਰਤੀ ਹਵਾਈ ਹਮਲਿਆਂ ਤੋਂ ਸੱਤ ਦਿਨਾਂ ਬਾਅਦ ‘ਟ੍ਰਿਬਿਊਨ ਪ੍ਰਕਾਸ਼ਨ ਸਮੂਹ’ ਵੱਲੋਂ 14 ਮਈ ਨੂੰ ਛਾਪੀ ਗਈ ਵਿਸ਼ੇਸ਼ ਖ਼ਬਰ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਾਰੇ ਨਸ਼ਟ ਹੋਏ ਢਾਂਚੇ ਦੁਬਾਰਾ ਬਣਾਉਣ ਦਾ ਐਲਾਨ ਕੀਤਾ ਸੀ। ਤਾਜ਼ਾ ਖ਼ੁਫੀਆ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨੀ ਫੌਜ ਸਿੱਧੇ ਤੌਰ ’ਤੇ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਇਬਾ ਵਰਗੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਵੱਲੋਂ ਵਰਤੇ ਜਾਂਦੇ ਅਤਿਵਾਦੀ ਲਾਂਚਪੈਡਾਂ ਅਤੇ ਸਿਖਲਾਈ ਕੇਂਦਰਾਂ ਦੇ ਮੁੜ ਨਿਰਮਾਣ ਲਈ ਫੰਡ ਦੇ ਰਹੀ ਹੈ ਅਤੇ ਤਾਲਮੇਲ ਕਰ ਰਹੀ ਹੈ। ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਇਨ੍ਹਾਂ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪਹਿਲਗਾਮ ਹਮਲੇ ਵਿੱਚ 26 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਸੀ। ਸੂਤਰਾਂ ਅਨੁਸਾਰ, ਇਨ੍ਹਾਂ ਟਿਕਾਣਿਆਂ ਦੀ ਮੁੜ ਉਸਾਰੀ ਕੰਟਰੋਲ ਰੇਖਾ ਨੇੜੇ ਸੰਘਣੇ ਜੰਗਲੀ ਖੇਤਰਾਂ ਵਿੱਚ ਕੀਤੀ ਜਾ ਰਹੀ ਹੈ ਤਾਂ ਜੋ ਭਾਰਤ ਦੀ ਨਿਗਰਾਨੀ ਅਤੇ ਹਵਾਈ ਹਮਲਿਆਂ ਤੋਂ ਬਚਿਆ ਜਾ ਸਕੇ। ਮਿਲੀ ਜਾਣਕਾਰੀ ਨੇ ਇੱਕ ਰਣਨੀਤਕ ਤਬਦੀਲੀ ਦਾ ਸੰਕੇਤ ਵੀ ਦਿੱਤਾ ਹੈ। ਵੱਡੇ ਕੈਂਪਾਂ ਨੂੰ ਛੋਟੀਆਂ ਅਤੇ ਤਕਨੀਕੀ ਸਹੂਲਤਾਂ ਨਾਲ ਲੈਸ ਇਕਾਈਆਂ ਵਿੱਚ ਵੰਡਿਆ ਜਾ ਰਿਹਾ ਹੈ ਤਾਂ ਜੋ ਨਿਸ਼ਾਨੇ ’ਤੇ ਆਉਣ ਤੋਂ ਬਚਾਇਆ ਜਾ ਸਕੇ। ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਨੇ ਮਰਕਜ਼ ਸੁਭਾਨ ਅੱਲ੍ਹਾ ਕੰਪਲੈਕਸ ਸਣੇ ਮੁੱਖ ਸਹੂਲਤਾਂ ਨੂੰ ਦੁਬਾਰਾ ਬਣਾਉਣ ਲਈ ਹਾਲ ਹੀ ਵਿੱਚ 30 ਜੂਨ ਤੱਕ ਦੀ ਸਮਾਂ ਸੀਮਾ ਤੈਅ ਕੀਤੀ ਹੈ। ਮਰਕਜ਼ ਸੁਭਾਨ ਅੱਲ੍ਹਾ ਕੰਪਲੈਕਸ ਬਹਾਵਲਪੁਰ ਵਿੱਚ ਜੈਸ਼-ਏ-ਮੁਹੰਮਦ ਦਾ ਮੁੱਖ ਦਫ਼ਤਰ ਹੈ।

ਪਾਕਿਸਤਾਨੀ ਫੌਜ ਦੀ ਸਿੱਧੀ ਸ਼ਮੂਲੀਅਤ ਦੇ ਮਿਲੇ ਸਬੂਤ

ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਏਜੰਸੀਆਂ ਨੇ ਪਾਕਿਸਤਾਨੀ ਫੌਜ ਦੀ ਸਿੱਧੀ ਸ਼ਮੂਲੀਅਤ ਦੇ ‘ਨਕਾਰੇ ਨਾ ਜਾ ਸਕਣ’ ਵਾਲੇ ਸਬੂਤ ਇਕੱਠੇ ਕੀਤੇ ਹਨ। ਇਨ੍ਹਾਂ ਸਬੂਤਾਂ ਵਿੱਚ ਮਕਬੂਜ਼ਾ ਕਸ਼ਮੀਰ ਅਤੇ ਪੰਜਾਬ ਪ੍ਰਾਂਤ ਦੇ ਕੁਝ ਹਿੱਸਿਆਂ ਤੋਂ ਕੰਮ ਕਰ ਰਹੀਆਂ ਅਤਿਵਾਦੀ ਜਥੇਬੰਦੀਆਂ ਲਈ ਲੌਜਿਸਟਿਕ ਅਤੇ ਵਿੱਤੀ ਸਹਾਇਤਾ ਤੋਂ ਲੈ ਕੇ ਉਨ੍ਹਾਂ ਨੂੰ ਸਿਖਲਾਈ ਅਤੇ ਸੁਰੱਖਿਅਤ ਰਸਤਾ ਮੁਹੱਈਆ ਕਰਵਾਉਣਾ ਸ਼ਾਮਲ ਹੈ। ਸਭ ਤੋਂ ਭਿਆਨਕ ਖੁਲਾਸਿਆਂ ਵਿੱਚ ਸੈਟੇਲਾਈਟ ਤੋਂ ਆਈਆਂ ਤਸਵੀਰਾਂ ਅਤੇ ਮਨੁੱਖੀ ਖ਼ੂਫੀਆ ਰਿਪੋਰਟਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਇਨ੍ਹਾਂ ਕੈਂਪਾਂ ਨੂੰ ਪਾਕਿਸਤਾਨੀ ਫੌਜ ਦੀਆਂ ਛਾਉਣੀਆਂ ਅਤੇ ਪ੍ਰਸਿੱਧ ਫੌਜੀ ਟਿਕਾਣਿਆਂ ਦੇ ਨੇੜੇ ਦਿਖਾਇਆ ਗਿਆ ਹੈ। ਕਈ ਮਾਮਲਿਆਂ ਵਿੱਚ ਅਤਿਵਾਦੀਆਂ ਨੂੰ ਫੌਜ ਦੇ ਵਾਹਨਾਂ ਦੀ ਵਰਤੋਂ ਕਰਦੇ ਹੋਏ ਅਤੇ ਪਾਬੰਦੀਸ਼ੁਦਾ ਖੇਤਰਾਂ ਵਿੱਚ ਦਾਖਲ ਹੁੰਦੇ ਦੇਖਿਆ ਗਿਆ ਹੈ।

Advertisement