ਪਾਕਿ ISI-ਸਮਰਥਿਤ BKI ਅਤਿਵਾਦੀ ਮਾਡਿਊਲ ਦਾ ਪਰਦਾਫਾਸ਼, 3 ਕਾਬੂ
ਚੰਡੀਗੜ੍ਹ, 27 ਜੂਨ
ਪੰਜਾਬ ਪੁਲੀਸ ਨੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਇੱਕ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਨਾਬਾਲਗ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੂਬੇ ਦੇ ਪੁਲੀਸ ਮੁਖੀ ਗੌਰਵ ਯਾਦਵ ਨੇ ਦਾਅਵਾ ਕੀਤਾ ਕਿ ਇਹ ਗਰੁੱਪ ਪੁਲੀਸ ਅਦਾਰਿਆਂ ’ਤੇ ਹਮਲੇ ਕਰਨ ਅਤੇ ਅੰਮ੍ਰਿਤਸਰ ਖੇਤਰ ਵਿੱਚ ਨਿਸ਼ਾਨਾ ਬਣਾ ਕੇ ਹੱਤਿਆਵਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਿਹਾ ਸੀ।
ਡੀਜੀਪੀ ਨੇ ਐਕਸ (X) ’ਤੇ ਇੱਕ ਪੋਸਟ ਵਿੱਚ ਕਿਹਾ, ‘‘ਇੱਕ ਖੁਫੀਆ ਜਾਣਕਾਰੀ-ਅਧਾਰਿਤ ਅਪਰੇਸ਼ਨ ਵਿੱਚ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਮੋਹਾਲੀ ਨੇ ਯੂਕੇ-ਅਧਾਰਤ ਨਿਸ਼ਾਨ ਸਿੰਘ ਅਤੇ ਪਾਕਿਸਤਾਨ ਅਧਾਰਤ ਅਤਿਵਾਦੀ ਹਰਵਿੰਦਰ ਰਿੰਦਾ ਵੱਲੋਂ ਚਲਾਏ ਜਾ ਰਹੇ ਪਾਕਿ ISI-ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਅਤਿਵਾਦੀ ਮਾਡਿਊਲ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ। ਇੱਕ ਨਾਬਾਲਗ ਸਮੇਤ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।’’
ਉਨ੍ਹਾਂ ਕਿਹਾ, ‘‘ਅਪਰੇਸ਼ਨ ਦੌਰਾਨ ਦੋ ਹੈਂਡ ਗਰਨੇਡ, ਇੱਕ ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਹਿਜਪਾਲ ਸਿੰਘ ਅਤੇ ਵਿਕਰਮਜੀਤ ਸਿੰਘ ਵਾਸੀ ਰਾਮਦਾਸ ਅੰਮ੍ਰਿਤਸਰ ਦਿਹਾਤੀ ਅਤੇ ਇੱਕ ਨਾਬਾਲਗ ਵਜੋਂ ਹੋਈ ਹੈ।’’ ਇਸ ਸਬੰਧੀ SSOC ਮੋਹਾਲੀ ਪੁਲੀਸ ਸਟੇਸ਼ਨ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਡੀਜੀਪੀ ਨੇ ਅੱਗੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਉਮੀਦ ਹੈ। -ਪੀਟੀਆਈ