ਚਿੱਤਰਕਾਰ ਤੇ ਸ਼ਾਇਰ ਦੇਵ ਦਾ ਦੇਹਾਂਤ
ਜਗਰਾਉਂ, ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਚਿੱਤਰਕਾਰ ਅਤੇ ਸ਼ਾਇਰ ਦੇਵ ਦਾ ਦੇਹਾਂਤ ਹੋ ਗਿਆ। ਦਹਾਕਿਆਂ ਤੋਂ ਸਵਿਟਜ਼ਰਲੈਂਡ ਵਿੱਚ ਰਹਿ ਰਹੇ ਦੇਵ ਨੇ ਉਥੇ ਆਪਣੇ ਸਟੂਡੀਓ ਵਿੱਚ ਆਖ਼ਰੀ ਸਾਹ ਲਏ। 5 ਸਤੰਬਰ 1947 ਨੂੰ ਜਗਰਾਉਂ ਵਿੱਚ ਜਨਮੇ ਦੇਵ ਦਾ ਜੱਦੀ ਪਿੰਡ ਗਾਲਿਬ ਕਲਾਂ ਸੀ। ਪੰਜ ਸਾਲ ਦੀ ਉਮਰ ਵਿੱਚ ਹੀ ਉਹ ਪਰਿਵਾਰ ਸਮੇਤ ਨੈਰੋਬੀ ਚਲੇ ਗਏ ਸਨ। 1964 ਵਿੱਚ ਵਾਪਸ ਭਾਰਤ ਪਰਤੇ ਦੇਵ ਨੇ 1969 ਵਿੱਚ ਆਪਣਾ ਪਹਿਲਾ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤਾ। 1979 ਵਿੱਚ ਉਹ ਸਵਿਟਜ਼ਰਲੈਂਡ ਚਲੇ ਗਏ। ਉਹ ਸਵਿਸ ਕਲਾਕਾਰ ਪਾਲ ਕਲੀ ਤੋਂ ਬਹੁਤ ਪ੍ਰਭਾਵਿਤ ਸਨ।
ਉਨ੍ਹਾਂ ਨੇ ‘ਵਿਦਰੋਹ’, ‘ਦੂਸਰੇ ਕਿਨਾਰੇ ਦੀ ਤਲਾਸ਼’, ‘ਮਤਲਬੀ ਸਿਟੀ’, ‘ਪ੍ਰਸ਼ਨ ਤੇ ਪਰਵਾਜ਼’ ਅਤੇ ‘ਸ਼ਬਦਾਂਤ’ ਵਰਗੀਆਂ ਕਾਵਿ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ। ਉਨ੍ਹਾਂ ਨੂੰ 1992 ਵਿੱਚ ਸ਼੍ਰੋਮਣੀ ਪਰਵਾਸੀ ਪੰਜਾਬੀ ਸਾਹਿਤਕਾਰ ਐਵਾਰਡ ਅਤੇ 2001 ਵਿੱਚ ‘ਸ਼ਬਦਾਂਤ’ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋ. ਗੁਰਭਜਨ ਗਿੱਲ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਦੇ ਪੇਂਡੂ ਅਜਾਇਬਘਰ ਵਿੱਚ ਬਣਿਆ ਵਿਸ਼ਾਲ ਕੰਧ ਚਿੱਤਰ ਦੇਵ ਦੀ ਸਭ ਤੋਂ ਵੱਡੀ ਦੇਣ ਹੈ ਜੋ ਉਨ੍ਹਾਂ ਨੇ ਡਾ. ਮਹਿੰਦਰ ਸਿੰਘ ਰੰਧਾਵਾ ਦੀ ਪ੍ਰੇਰਨਾ ਨਾਲ ਤਿਆਰ ਕੀਤਾ ਸੀ। ਡਾ. ਰਘਬੀਰ ਸਿੰਘ ਦੀ ਸੰਪਾਦਨਾ ਹੇਠ ਛਪਦੇ ਤ੍ਰੈਮਾਸਕ ਸਾਹਿਤਕ ਪਰਚੇ ‘ਸਿਰਜਣਾ’ ਦੇ ਟਾਈਟਲ ਪੰਨੇ ’ਤੇ ਉਨ੍ਹਾਂ ਦੇ ਚਿੱਤਰ ਕਈ ਸਾਲਾਂ ਤੋਂ ਛਪ ਰਹੇ ਹਨ। ਲੁਧਿਆਣਾ ਰਹਿਣ ਦੌਰਾਨ ਉਨ੍ਹਾਂ ਦੀ ਸੁਰਜੀਤ ਪਾਤਰ, ਹਰਭਜਨ ਹਲਵਾਰਵੀ, ਸੁਰਿੰਦਰ ਹੇਮ ਜਯੋਤੀ, ਪ੍ਰੋ. ਸ਼ਾਮ ਸਿੰਘ ਅੰਗ ਸੰਗ, ਬਲਦੇਵ ਬੱਲ, ਡਾ. ਸਾਧੂ ਸਿੰਘ ਤੇ ਡਾ. ਐੱਸ ਪੀ ਸਿੰਘ ਵਰਗੇ ਸਾਹਿਤਕਾਰਾਂ ਨਾਲ ਵਧੇਰੇ ਸੰਗਤ ਰਹੀ। ਪੰਜਾਬ ਆਰਟ ਕੌਂਸਲ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਦੱਸਿਆ ਕਿ 8 ਦਸੰਬਰ ਨੂੰ ਸਵੇਰੇ 11 ਵਜੇ ਪੰਜਾਬ ਕਲਾ ਪਰਿਸ਼ਦ (ਚੰਡੀਗੜ੍ਹ) ਵਿੱਚ ਮਰਹੂਮ ਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
