ਸੰਗੀਤਕਾਰ ਚਰਨਜੀਤ ਆਹੂਜਾ ਨੂੰ ਸ਼ਰਧਾਂਜਲੀ
ਪੰਜਾਬੀ ਫਿਲਮ ਐਂਡ ਟੀ ਵੀ ਐਂਕਰਸ ਐਸੋਸੀਏਸ਼ਨ ਵੱਲੋਂ ਸੰਗੀਤਕਾਰ ਚਰਨਜੀਤ ਆਹੂਜਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਥੋਂ ਦੇ ਪੰਜਾਬ ਕਲਾ ਭਵਨ ਸੈਕਟਰ-16 ਸਥਿਤ ਮਹਿੰਦਰ ਸਿੰਘ ਰੰਧਾਵਾ ਆਡੀਟੋਰੀਅਮ ’ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਮੰਚ ਸੰਚਾਲਕ ਮਲਕੀਤ ਰੌਣੀ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਵਿੱਚ ਚਰਨਜੀਤ ਆਹੂਜਾ, ਗਾਇਕ ਰਾਜਵੀਰ ਜਵੰਦਾ, ਵਰਿੰਦਰ ਘੁੰਮਣ ਅਤੇ ਅਲਗੋਜ਼ਾਵਾਦਕ ਕਰਮਜੀਤ ਬੱਗਾ ਲਈ ਮੌਨ ਧਾਰਨ ਕੀਤਾ ਗਿਆ। ਸਾਬਕਾ ਸੰਸਦ ਮੈਂਬਰ, ਗਾਇਕ ਤੇ ਅਦਾਕਾਰ ਮੁਹੰਮਦ ਸਦੀਕ ਨੇ ਕਿਹਾ ਕਿ ਚਰਨਜੀਤ ਆਹੂਜਾ ਤਿੰਨ ਪੀੜ੍ਹੀਆਂ ਦੇ ਸੰਗੀਤਕਾਰ ਸਨ। ਉਨ੍ਹਾਂ ਚਾਂਦੀ ਰਾਮ, ਯਮਲਾ ਜੱਟ, ਸੁਰਿੰਦਰ ਕੌਰ, ਫਿਰ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਕਰਤਾਰ ਰਮਲਾ, ਜਸਵੰਤ ਸੰਦੀਲਾ ਸਣੇ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਮਗਰੋਂ ਗੁਰਦਾਸ ਮਾਨ, ਹਰਭਜਨ ਮਾਨ, ਸਰਦੂਲ ਸਿਕੰਦਰ, ਹੰਸ ਰਾਜ ਹੰਸ ਤੇ ਸਤਵਿੰਦਰ ਬੁੱਗਾ ਦੇ ਗੀਤਾਂ ਲਈ ਸੰਗੀਤ ਤਿਆਰ ਕੀਤਾ। ਸਾਬਕਾ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਕਿਹਾ ਕਿ ਚਰਨਜੀਤ ਆਹੂਜਾ ਨੇ ਸੰਗੀਤ ’ਚ ਨਵੇਂ ਤਜਰਬੇ ਕੀਤੇ ਤੇ ਸਮੇਂ ਨਾਲ ਨਵੀਆਂ-ਨਵੀਆਂ ਧੁਨਾਂ ਤਿਆਰ ਕੀਤੀਆਂ। ਸੰਸਥਾ ਦੇ ਮੀਤ ਪ੍ਰਧਾਨ ਬੀਨੂ ਢਿੱਲੋਂ ਨੇ ਕਿਹਾ ਕਿ ਹਰਿਆਣਾ ਦੇ ਰੋਹਤਕ ਸ਼ਹਿਰ ਦੇ ਜੰਮਪਲ ਸ੍ਰੀ ਆਹੂਜਾ ਦੂਜੀਆਂ ਭਾਸ਼ਾਵਾਂ ਦੇ ਨਾਲ-ਨਾਲ ਪੰਜਾਬੀ ਲਈ ਸਭ ਤੋਂ ਵੱਧ ਕੰਮ ਕੀਤਾ। ਜਨਰਲ ਸਕੱਤਰ ਬੀ ਐੱਨ ਸ਼ਰਮਾ ਨੇ ਕਿਹਾ ਕਿ ਚਰਨਜੀਤ ਆਹੂਜਾ ਸੰਗੀਤ ਦੇ ਸਮੁੰਦਰ ਦਾ ਮੋਤੀ ਸੀ। ਅੰਤ ਵਿੱਚ ਪਫਟਾ ਦੇ ਪ੍ਰਧਾਨ ਪਦਮਸ੍ਰੀ ਨਿਰਮਲ ਰਿਸ਼ੀ ਨੇ ਸਭ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਜਸਬੀਰ ਜੱਸੀ, ਜਰਨੈਲ ਘੁਮਾਣ, ਬਲਦੇਵ ਮਸਤਾਨਾ, ਦਵਿੰਦਰ ਖੰਨੇਵਾਲਾ, ਦਰਸ਼ਨ ਔਲਖ, ਬਿੱਟੂ ਖੰਨੇ ਵਾਲਾ, ਸਤਵਿੰਦਰ ਬੁੱਗਾ, ਬਾਲ ਮੁਕੰਦ ਸ਼ਰਮਾ, ਹੈਪੀ ਰਾਏਕੋਟੀ, ਕਰਮਜੀਤ ਅਨਮੋਲ, ਫ਼ਿਰੋਜ਼ ਖਾਨ, ਪੰਮੀ ਬਾਈ, ਸੁਖੀ ਬਰਾੜ ਤੇ ਸਚਿਨ ਆਹੂਜਾ ਹਾਜ਼ਰ ਸਨ।