ਪੰਜਾਬ ’ਚ ਝੋਨੇ ਦਾ ਝਾੜ 5 ਤੋਂ 7 ਕੁਇੰਟਲ ਪ੍ਰਤੀ ਏਕੜ ਘਟਿਆ
ਐਤਕੀਂ ਵੱਡੀ ਪੱਧਰ ’ਤੇ ਝੋਨੇ ਦੀ ਫ਼ਸਲ ਹੜ੍ਹਾਂ ਦੀ ਮਾਰ ਆਈ ਹੈ। ਇਸ ਕਾਰਨ ਸਰਕਾਰਾਂ ਨੂੰ ਫ਼ਸਲ ਦੀ ਖਰੀਦ ਦਾ ਮਿੱਥਿਆ ਟੀਚਾ ਪੂਰਾ ਕਰਨਾ ਔਖਾ ਜਾਪਦਾ ਹੈ। ਦੂਜੇ ਪਾਸੇ ਝੋਨੇ ਦੀ ਫ਼ਸਲ ਨੂੰ ਲੱਗੇ ਹਲਦੀ ਰੋਗ ਕਾਰਨ ਅੰਨਦਾਤਾ ਫ਼ਿਕਰਾਂ ’ਚ ਡੁੱਬਿਆ ਹੋਇਆ ਹੈ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਇਸ ਵਰ੍ਹੇ ਪੰਜਾਬ ’ਚੋਂ 173 ਲੱਖ ਟਨ ਝੋਨਾ ਖ਼ਰੀਦਣ ਦਾ ਟੀਚਾ ਮਿਥਿਆ ਹੈ। ਪੰਜਾਬ ਸਰਕਾਰ ਨੇ ਦੋ ਕਦਮ ਇਸ ਤੋਂ ਅੱਗੇ ਨਿਕਲਦਿਆਂ 190 ਲੱਖ ਟਨ ਝੋਨੇ ਦੀ ਖ਼ਰੀਦ ਕਰਨ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ। ਪੰਜਾਬ ’ਚ ਝੋਨੇ ਦੀ ਫ਼ਸਲ ’ਤੇ ਬਿਮਾਰੀਆਂ ਦੇ ਹਮਲੇ ਕਾਰਨ ਝੋਨੇ ਦਾ ਝਾੜ ਘੱਟ ਗਿਆ ਹੈ। ਐਤਕੀ ਝੋਨੇ ਅਤੇ ਬਾਸਮਤੀ ਦਾ ਝਾੜ ਕਰੀਬ 5 ਤੋਂ 7 ਕੁਇੰਟਲ ਪ੍ਰਤੀ ਏਕੜ ਘਟਿਆ ਦੱਸਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਪੰਜਾਬ ਦੇ 17 ਜ਼ਿਲ੍ਹਿਆਂ ’ਚ ਝੋਨੇ ਦੀ 4 ਲੱਖ ਏਕੜ ਤੋਂ ਵੱਧ ਫ਼ਸਲ ਹੜ੍ਹਾਂ ਕਾਰਨ ਨੁਕਸਾਨੀ ਗਈ ਹੈ। ਬੀਤੇ ਸਾਲ 2024 ’ਚ 182 ਲੱਖ ਟਨ ਝੋਨੇ ਦੀ ਖ਼ਰੀਦ ਹੋਈ ਸੀ। ਭਾਵੇਂ ਕੇਂਦਰ ਸਰਕਾਰ ਨੇ ਇਸ ਫ਼ਸਲੀ ਵਰ੍ਹੇ ’ਚ ਝੋਨੇ ਦੇ ਮੁੱਲ ’ਚ 75 ਰੁਪਏ ਪ੍ਰਤੀ ਕੁਇੰਟਲ ਦਾ ਇਜ਼ਾਫ਼ਾ ਕਰ ਕੇ ਘੱਟੋ-ਘੱਟ ਸਮਰਥਨ ਮੁੱਲ 2389 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਸੀ।
ਹੜ੍ਹਾਂ ਤੋਂ ਬਚੀ ਝੋਨੇ ਦੀ ਫ਼ਸਲ ’ਚੋਂ ਕਾਫੀ ਹਲਦੀ ਰੋਗ ਦੀ ਮਾਰ ਹੇਠ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਹਲਦੀ ਰੋਗ, ਉੱਲੀ ਦਾ ਇੱਕ ਰੂਪ ਹੈ। ਇਹ ਰੋਗ ਅਗੇਤੀ ਕਿਸਮ ਦੇ ਝੋਨੇ ਨੂੰ ਚਿੰਬੜਿਆ ਹੋਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪਿਛਲੇ ਦਿਨੀਂ ਮੀਂਹਾਂ ਕਾਰਨ ਹਵਾ ’ਚ ਆਈ ਸਿੱਲ੍ਹ ਅਤੇ ਉਸ ਤੋਂ ਬਾਅਦ ਇੱਕਦਮ ਗਰਮੀ ਵਧਣ ਕਾਰਨ ਹਲਦੀ ਰੋਗ ਦੇ ਪੈਰ ਲੱਗੇ ਹਨ। ਉਨ੍ਹਾਂ ਇੱਕ ਹੋਰ ਵਜ੍ਹਾ ਇਹ ਬਿਆਨੀ ਕਿ ਬਰਸਾਤ ਦਾ ਸੀਜ਼ਨ ਲੰਮਾ ਹੋਣ ਕਰਕੇ ਕਿਸਾਨ ਫ਼ਸਲ ’ਤੇ ਦਵਾਈਆਂ ਦੇ ਛਿੜਕਾਅ ਨਹੀਂ ਕਰ ਸਕੇ। ਕਿਸਾਨ ਇਸ ਰੋਗ ਦਾ ਦਾਇਰਾ ਵਿਆਪਕ ਦੱਸਦੇ ਹਨ, ਪਰ ਖੇਤੀਬਾੜੀ ਵਿਭਾਗ ਇਸ ਦਾ ਘੇਰਾ ਸੀਮਤ ਦੱਸਦਾ ਹੈ।
ਬਠਿੰਡਾ ’ਚ 3 ਪ੍ਰਤੀਸ਼ਤ ਫ਼ਸਲ ਹਲਦੀ ਰੋਗ ਦੀ ਲਪੇਟ ’ਚ: ਅਧਿਕਾਰੀ
ਏ ਡੀ ਓ ਬਠਿੰਡਾ ਡਾ. ਗੁਰਪ੍ਰੀਤ ਸਿੰਘ ਮੁਤਾਬਿਕ ਜ਼ਿਲ੍ਹੇ ਅੰਦਰ 3 ਪ੍ਰਤੀਸ਼ਤ ਫ਼ਸਲ ਹਲਦੀ ਰੋਗ ਦੀ ਲਪੇਟ ਵਿੱਚ ਹੈ। ਝਾੜ ਬਾਰੇ ਉਨ੍ਹਾਂ ਕਿਸਾਨਾਂ ਦੇ ਦਾਅਵਿਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਵਰ੍ਹੇ ਪ੍ਰਤੀ ਏਕੜ ਝੋਨੇ ਦਾ ਝਾੜ ਕਰੀਬ 30 ਕੁਇੰਟਲ (75 ਮਣ) ਹੀ ਨਿਕਲ ਰਿਹਾ ਹੈ।