15 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ ਝੋਨੇ ਦੀ ਖਰੀਦ: ਮਾਨ
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਕਤੂਬਰ ਵਿੱਚ ਝੋਨੇ ਦੀ ਖ਼ਰੀਦ ਸ਼ੁਰੂ ਹੁੰਦੀ ਹੈ ਤਾਂ ਉਸ ਸਮੇਂ ਨਮੀ ਦੀ ਮਾਤਰਾ ਕਿਸਾਨਾਂ ਲਈ ਸਿਰਦਰਦੀ ਬਣ ਜਾਂਦੀ ਹੈ ਅਤੇ ਫ਼ਸਲ ਦੀ ਵਿਕਰੀ ਵਿੱਚ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ, ਇਸ ਲਈ ਕੇਂਦਰ ਤੋਂ ਪਹਿਲੀ ਅਕਤੂਬਰ ਦੀ ਬਜਾਏ 15 ਸਤੰਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰੇਲਵੇ ਮੰਤਰਾਲੇ ਨੇ ਧੂਰੀ ਸ਼ਹਿਰ ’ਚ ਰੇਲਵੇ ਓਵਰਬ੍ਰਿਜ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੀ ਅਦਾਇਗੀ ਸੂਬਾ ਸਰਕਾਰ ਨੇ ਕਰਨੀ ਹੈ। ਇਸ ਰੇਲਵੇ ਓਵਰਬ੍ਰਿਕ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ, ਕਿਉਂਕਿ ਉਹ ਇਸ ਮਾਮਲੇ ਨੂੰ ਨਿੱਜੀ ਤੌਰ ’ਤੇ ਰੇਲਵੇ ਮੰਤਰੀ ਕੋਲ ਉਠਾਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਸ਼ਹਿਰ ਦਾ ਦੌਰਾ ਕਰ ਕੇ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਇਸ ਪ੍ਰਾਜੈਕਟ ਨੂੰ ਰੋਕਣ ਸਬੰਧੀ ਬਿਆਨ ਜਾਰੀ ਕੀਤਾ ਹੈ। ਇਸ ਤਰ੍ਹਾਂ ਦੇ ਡਰਾਮੇ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਮੈਡੀਕਲ ਕਾਲਜ ਦੀ ਉਸਾਰੀ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ।
ਮੁੱਖ ਮੰਤਰੀ ਨੇ ਮਿਸ਼ਨ ਗਿਆਨ ਤਹਿਤ 1.59 ਕਰੋੜ ਰੁਪਏ ਨਾਲ ਬਣੀ ਜਨਤਕ ਲਾਇਬਰੇਰੀ ਦੇ ਉਦਘਾਟਨ ਮੌਕੇ ਕਿਹਾ ਕਿ ਇਸ ਦੋ ਮੰਜ਼ਿਲਾ ਇਮਾਰਤ ਦਾ ਖੇਤਰ 3710 ਵਰਗ ਫੁੱਟ ਹੈ ਅਤੇ ਇਹ ਵਾਈ-ਫਾਈ, ਸੂਰਜੀ ਊਰਜਾ ਡਿਜੀਟਲ ਐਨਾਲਾਗ ਅਤੇ ਹੋਰ ਉੱਚ ਪੱਧਰੀ ਸਹੂਲਤਾਂ ਨਾਲ ਲੈਸ ਹੈ। ਇਸ ਲਾਇਬਰੇਰੀ ਵਿੱਚ ਸਮਕਾਲੀ ਸਾਹਿਤ ਅਤੇ ਪਾਠਕ੍ਰਮ ਦੀਆਂ ਕਿਤਾਬਾਂ ਤੇ ਵਿਸ਼ਵ ਪੱਧਰੀ ਪੁਸਤਕਾਂ ਹਨ। ਇਸ ਮੌਕੇ ਮੁੱਖ ਮੰਤਰੀ ਕੈਂਪ ਦਫ਼ਤਰ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ, ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਫੂਡ ਕਮਿਸ਼ਨ ਪੰਜਾਬ ਦੇ ਮੈਂਬਰ ਜਸਵੀਰ ਸਿੰਘ ਜੱਸੀ ਸੇਖੋਂ ਤੇ ਨਰੇਸ਼ ਸਿੰਗਲਾ ਸਣੇ ਹੋਰ ਆਗੂ ਵੀ ਹਾਜ਼ਰ ਸਨ।
ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਚੈੱਕ ਵੰਡੇ
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਅਦਾਰਿਆਂ ਨੂੰ ਵਿਕਾਸ ਕਾਰਜਾਂ ਲਈ 3.07 ਕਰੋੜ ਰੁਪਏ ਦੇ ਚੈੱਕ ਭੇਟ ਕੀਤੇ। ਉਨ੍ਹਾਂ ਐੱਸਐੱਸਪੀ ਸੰਗਰੂਰ ਨੂੰ ਸ਼ਹਿਰ ’ਚ ਸੀਸੀਟੀਵੀ ਕੈਮਰਿਆਂ ਲਈ 1.30 ਕਰੋੜ ਰੁਪਏ ਦਾ ਚੈੱਕ ਅਤੇ ਮਹਾਸ਼ਾ ਪ੍ਰਤਿੱਗਿਆ ਪਾਲ ਨੂੰ ਯਾਦ ਕਰਦਿਆਂ ਰਾਮ ਬਾਗ ਲਈ ਇਕ ਕਰੋੜ ਰੁਪਏ ਦਾ ਚੈੱਕ ਭੇਟ ਕੀਤਾ। ਉਨ੍ਹਾਂ ਕਿਹਾ ਕਿ ਧੂਰੀ ਨੂੰ ਵੱਡੀਆਂ ਗਰਾਂਟਾਂ ਦੇ ਕੇ ਵਿਕਾਸ ਦਾ ਧੁਰਾ ਬਣਾਇਆ ਜਾਵੇਗਾ। ਮੁੱਖ ਮੰਤਰੀ ਨੇ ਸੰਗਰੂਰ ਨੇੜੇ ਬਣ ਰਹੇ ਮੈਡੀਕਲ ਕਾਲਜ ਦੀ ਕਾਰਵਾਈ ਨੂੰ ਵੀ ਅੱਗੇ ਤੋਰਨ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੇਸ਼ ਭਗਤ ਕਾਲਜ ਬਰੜਵਾਲ ਵਿੱਚ ਸ਼ਾਨਦਾਰ ਸਟੇਡੀਅਮ ਬਣਾਉਣ ਤੋਂ ਇਲਾਵਾ ਪੰਜਾਬ ਵਿੱਚ ਅੱਠ ਯੂਪੀਐੱਸਸੀ ਕੇਂਦਰਾਂ ’ਚੋਂ ਇੱਕ ਸੈਂਟਰ ਧੂਰੀ ਨੂੰ ਦੇਣ ਦੀ ਗੱਲ ਵੀ ਆਖੀ।