ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ’ਚ ਝੋਨੇ ਦੀ ਖ਼ਰੀਦ ਦਾ ਅੰਕੜਾ 100 ਲੱਖ ਟਨ ਤੋਂ ਪਾਰ

ਝੋਨੇ ਦੀ ਵਾਢੀ 67 ਫ਼ੀਸਦੀ ਮੁਕੰਮਲ; ਰੋਪੜ ਤੇ ਗੁਰਦਾਸਪੁਰ ਜ਼ਿਲ੍ਹੇ ’ਚ ਕਟਾਈ ਸਿਖ਼ਰ ’ਤੇ
ਕਪੂਰਥਲਾ ਦੀ ਮੰਡੀ ਵਿੱਚ ਝੋਨੇ ਦੀ ਚੁਕਾਈ ਕਰਦੇ ਹੋਏ ਮਜ਼ਦੂਰ। -ਫੋਟੋ: ਮਲਕੀਅਤ ਸਿੰਘ
Advertisement

ਚਰਨਜੀਤ ਭੁੱਲਰ

ਪੰਜਾਬ ’ਚ ਕਰੀਬ ਡੇਢ ਮਹੀਨੇ ਮਗਰੋਂ ਝੋਨੇ ਦੀ ਆਮਦ 100 ਲੱਖ ਟਨ ਦੇ ਅੰਕੜੇ ਨੂੰ ਪਾਰ ਕਰ ਗਈ ਹੈ। 29 ਅਕਤੂਬਰ ਦੀ ਸ਼ਾਮ ਤੱਕ ਸੂਬੇ ’ਚ 104.98 ਲੱਖ ਟਨ ਫ਼ਸਲ ਦੀ ਖ਼ਰੀਦ ਹੋ ਚੁੱਕੀ ਹੈ। ਐਤਕੀਂ ਝੋਨੇ ਦੀ ਸਰਕਾਰੀ ਖ਼ਰੀਦ 15 ਸਤੰਬਰ ਨੂੰ ਸ਼ੁਰੂ ਹੋ ਗਈ ਸੀ ਪਰ ਮੰਡੀਆਂ ’ਚ ਫ਼ਸਲ ਕਾਫ਼ੀ ਪਛੜ ਕੇ ਆਈ ਹੈ। ਸੂਬੇ ’ਚ ਆਏ ਹੜ੍ਹਾਂ ਕਾਰਨ ਫ਼ਸਲ ਦੀ ਕਟਾਈ ਸਮੇਂ ਤੋਂ ਪਛੜੀ ਹੈ। ਪੰਜਾਬ ’ਚ ਹੁਣ ਤੱਕ 67 ਫ਼ੀਸਦੀ ਫ਼ਸਲ ਦੀ ਕਟਾਈ ਹੋ ਚੁੱਕੀ ਹੈ ਅਤੇ ਸਿਰਫ਼ 33 ਫ਼ੀਸਦੀ ਹੀ ਬਾਕੀ ਹੈ। ਵਾਢੀ ਦੇ ਲਿਹਾਜ਼ ਨਾਲ ਪੰਜਾਬ ਸਰਕਾਰ ਦਾ ਖ਼ਰੀਦ ਦਾ ਟੀਚਾ ਪੂਰਾ ਹੁੰਦਾ ਦਿਖਾਈ ਨਹੀਂ ਰਿਹਾ ਹੈ।

Advertisement

ਵੇਰਵਿਆਂ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਤੇ ਰੋਪੜ ’ਚ ਹੁਣ ਤੱਕ 90 ਫ਼ੀਸਦੀ ਵਾਢੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਦੋਂਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਕਪੂਰਥਲਾ, ਪਟਿਆਲਾ ਅਤੇ ਬਠਿੰਡਾ ’ਚ 80 ਫ਼ੀਸਦੀ ਝੋਨੇ ਦੀ ਕਟਾਈ ਹੋ ਚੁੱਕੀ ਹੈ। ਪੰਜਾਬ ਦੀਆਂ ਮੰਡੀਆਂ ’ਚ ਹੁਣ ਤੱਕ 108.13 ਲੱਖ ਟਨ ਝੋਨੇ ਦੀ ਫ਼ਸਲ ਆ ਚੁੱਕੀ ਹੈ, ਜਿਸ ਚੋਂ 104.98 ਲੱਖ ਫ਼ਸਲ ਦੀ ਖ਼ਰੀਦ ਹੋ ਚੁੱਕੀ ਹੈ। ਪੰਜਾਬ ਤੇ ਖ਼ੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਆਖਦੇ ਹਨ ਕਿ ਕਿਸਾਨਾਂ ਨੂੰ ਹੁਣ ਤੱਕ ਖ਼ਰੀਦੀ ਫ਼ਸਲ ਬਦਲੇ 21 ਹਜ਼ਾਰ ਕਰੋੜ ਦੀ ਅਦਾਇਗੀ ਕੀਤੀ

ਜਾ ਚੁੱਕੀ ਹੈ।

ਸੂਬੇ ’ਚ ਫ਼ਸਲੀ ਖ਼ਰੀਦ ’ਚ ਕੋਈ ਅੜਿੱਕਾ ਨਾ ਆਉਣ ਕਰ ਕੇ ਪੰਜਾਬ ਸਰਕਾਰ ਨੇ ਸੁੱਖ ਦਾ ਸਾਹ ਲਿਆ ਹੈ। ਇਸ ਵਾਰ ਫ਼ਸਲ ਦੀ ਪੈਦਾਵਾਰ ਘਟ ਗਈ ਹੈ ਅਤੇ ਝਾੜ ਕਰੀਬ 10 ਤੋਂ 15 ਫ਼ੀਸਦੀ ਪ੍ਰਭਾਵਿਤ ਹੋਣ ਦੀ ਗੱਲ ਕਹੀ ਜਾ ਰਹੀ ਹੈ। ਘੱਟ ਪੈਦਾਵਾਰ ਹੋਣ ਕਰ ਕੇ ਸ਼ੈੱਲਰ ਮਾਲਕ ਹੱਥੋਂ ਹੱਥ ਫ਼ਸਲ ਚੁੱਕ ਰਹੇ ਹਨ। ਪੰਜਾਬ ਸਰਕਾਰ ਵੱਲੋਂ ਮੁੱਢਲੇ ਪੜਾਅ ’ਤੇ 175 ਲੱਖ ਟਨ ਫ਼ਸਲ ਦੀ ਖ਼ਰੀਦ ਦਾ ਟੀਚਾ ਰੱਖਿਆ ਗਿਆ ਸੀ ਜਿਸ ਨੂੰ ਬਾਅਦ ’ਚ ਸੋਧ ਕੇ 165 ਲੱਖ ਟਨ ਕੀਤਾ ਗਿਆ ਹੈ। ਗ਼ੈਰ-ਸਰਕਾਰੀ ਸੂਤਰ ਆਖਦੇ ਹਨ ਕਿ 165 ਲੱਖ ਟਨ ਦਾ ਟੀਚਾ ਵੀ ਪੂਰਾ ਨਹੀਂ ਹੋਣਾ ਹੈ।

ਪੰਜਾਬ ’ਚ ਝੋਨੇ ਦੀ ਫ਼ਸਲ ’ਤੇ ਬਿਮਾਰੀ ਦਾ ਹੱਲਾ ਵੀ ਪਿਆ ਹੈ। ਮੀਹਾਂ ਕਾਰਨ ਫ਼ਸਲ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਈ ਹੈ। ਪੰਜਾਬ ਸਰਕਾਰ ਨੇ ਕੇਂਦਰ ਤੋਂ ਐਤਕੀਂ ਫ਼ਸਲ ਖ਼ਰੀਦ ਮਾਪਦੰਡਾਂ ’ਚ ਛੋਟ ਮੰਗੀ ਸੀ ਜਿਸ ਮਗਰੋਂ ਕੇਂਦਰੀ ਟੀਮਾਂ ਨੇ ਪੰਜਾਬ ਦੇ 19 ਜ਼ਿਲ੍ਹਿਆਂ ਵਿੱਚੋਂ ਨਮੂਨੇ ਭਰੇ ਸਨ ਪਰ ਹਾਲੇ ਤੱਕ ਕੇਂਦਰ ਨੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿੱਚੋਂ ਖ਼ਰੀਦ ਕੀਤੀ ਫ਼ਸਲ ’ਚੋਂ ਹੁਣ ਤੱਕ 84.05 ਲੱਖ ਟਨ ਫ਼ਸਲ ਦੀ ਚੁਕਾਈ ਵੀ ਹੋ ਚੁੱਕੀ ਹੈ।

ਪੰਜਾਬ ’ਚ ਏਜੰਸੀ ਵਾਰ ਖ਼ਰੀਦ

ਪਨਗਰੇਨ 44.00 ਲੱਖ ਟਨ

ਮਾਰਕਫੈੱਡ 26.90 ਲੱਖ ਟਨ

ਪਨਸਪ 21.51 ਲੱਖ ਟਨ

ਵੇਅਰ ਹਾਊਸ 12.04 ਲੱਖ ਟਨ

ਐੱਫਸੀਆਈ 30,149 ਟਨ

ਪ੍ਰਾਈਵੇਟ ਵਪਾਰੀ 21,685 ਟਨ

Advertisement
Show comments