ਭਾਦੋਂ ਦੇ ਮੀਂਹ ਨਾਲ ਝੋਨੇ ਦੀ ਫ਼ਸਲ ਖਿੜੀ, ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ
ਸੌਮਵਾਰ ਸਵੇਰ ਪੇਂਡੂ ਖੇਤਰ ਵਿਚ ਭਰਵਾਂ ਮੀਂਹ ਜਾਰੀ ਹੈ, ਪਰ ਬਠਿੰਡਾ ਸ਼ਹਿਰ ਵਿਚ ਭਾਦੋਂ ਦੇ ਛਰਾਟੇ ਮੱਧਮ ਰਹੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਕੈਂਪਸ ਤੋਂ ਮਿਲੀ ਰਿਪੋਰਟ ਅਨੁਸਾਰ ਬਠਿੰਡਾ ਵਿੱਚ ਅੱਜ 22 ਐੱਮਐੱਮ ਬਾਰਿਸ਼ ਦਰਜ ਕੀਤੀ ਗਈ। ਬਠਿੰਡਾ ਖੇਤਰੀ ਖੋਜ ਕੇਂਦਰ ਦੇ ਡਾਇਰੈਕਟਰ ਡਾ. ਕਰਮਜੀਤ ਸਿੰਘ ਸੇਖੋ ਨੇ ਕਿਹਾ ਕਿ ਝੋਨੇ ਦੀ ਫ਼ਸਲ ਲਈ ਮੀਂਹ ਬੇਹੱਦ ਲਾਹੇਵੰਦ ਹੈ। ਪਰ ਨਰਮੇ ਅਤੇ ਕਪਾਹ ਦੀ ਫ਼ਸਲ ਲਈ ਜਿਆਦਾ ਮੀਂਹ ਲਾਹੇਵੰਦ ਨਹੀਂ। ਉਨ੍ਹਾਂ ਕਿਹਾ ਕਿ ਅਸਮਾਨ ਵਿੱਚ ਛਾਈ ਬੱਦਲਵਾਈ ਨਰਮੇ ਦੀ ਫ਼ਸਲ ’ਤੇ ਬਿਮਾਰੀਆਂ ਪੈਦਾ ਕਰ ਸਕਦੀ ਹੈ।
ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਵੱਧ ਮੀਂਹ ਪੈਣ ’ਤੇ ਨਰਮੇ ਦੀ ਫ਼ਸਲ ਵਿੱਚੋਂ ਪਾਣੀ ਤਰੁੰਤ ਕੱਢ ਦਿੱਤਾ ਜਾਵੇ ਅਤੇ ਸਪਰੇਅ ਦਾ ਦੌਰ ਵੀ ਦੋ ਦਿਨ ਰੁਕ ਕੇ ਚਲਾਇਆ ਜਾਵੇ। ਪਿੰਡ ਮਹਿਮਾ ਸਰਜਾ ਦੇ ਕਿਸਾਨ ਹਰਵਿੰਦਰ ਪਾਲ ਅਤੇ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਮੀਂਹ ਨੇ ਝੋਨੇ ਦੀ ਫ਼ਸਲ ਲਈ ਦੇਸੀ ਘਿਓ ਦਾ ਕੰਮ ਕੀਤਾ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।