ਪੋਲਟਰੀ ਫਾਰਮ ਦੀ ਛੱਤ ਡਿੱਗਣ ਕਾਰਨ ਮਾਲਕ ਦੀ ਮੌਤ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 19 ਅਪਰੈਲ
ਇਲਾਕੇ ਵਿੱਚ ਬੀਤੀ ਸ਼ਾਮ ਝੱਖੜ ਕਾਰਨ ਇਥੋਂ ਨੇੜਲੇ ਪਿੰਡ ਮਾਝਾ ’ਚ ਪੋਲਟਰੀ ਫਾਰਮ ਦੀ ਛੱਤ ਡਿੱਗਣ ਕਾਰਨ ਪੋਲਟਰੀ ਫਾਰਮ ਦੇ ਮਾਲਕ ਗੁਰਚਰਨ ਸਿੰਘ ਦੀ ਮੌਤ ਹੋ ਗਈ ਅਤੇ ਦੋ ਹਜ਼ਾਰ ਦੇ ਕਰੀਬ ਮੁਰਗੀਆਂ ਮਾਰੀਆਂ ਗਈਆਂ। ਇਸੇ ਤਰ੍ਹਾਂ ਪਿੰਡ ਬਲਿਆਲ ’ਚ ਹਰਵਿੰਦਰ ਸਿੰਘ ਦੇ ਮਕਾਨ ਦੀਆਂ ਛੱਤਾਂ
ਡਿੱਗਣ ਕਾਰਨ ਉਸ ਦੇ ਘਰ ਅੰਦਰਲਾ ਸਾਮਾਨ ਨੁਕਸਾਨਿਆ ਗਿਆ ਅਤੇ ਪੰਜ ਮੇਮਨੇ ਮਲਬੇ ਹੇਠ ਦੱਬ ਕੇ ਮਰ ਗਏ ਹਨ ਜਿਸ ਨਾਲ ਉਸ ਦਾ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਭਵਾਨੀਗੜ੍ਹ ਦੇ ਗਾਂਧੀ ਨਗਰ ਵਿੱਚ ਵੀ ਇਕ ਵਿਅਕਤੀ ਦਾ ਘਰ ਢਹਿ-ਢੇਰੀ ਹੋ ਗਿਆ ਹੈ। ਪਿੰਡ ਕਾਕੜਾ ’ਚ ਜੀਤ ਸਿੰਘ ਨੰਬਰਦਾਰ, ਹਰਵਿੰਦਰ ਸਿੰਘ ਕਾਕੜਾ ਦੇ ਤੂੜੀ ਵਾਲੇ ਸ਼ੈੱਡ, ਜਗਸੀਰ ਸਿੰਘ ਦਾ ਚੁਬਾਰਾ, ਪਰਮਜੀਤ ਸਿੰਘ ਦੇ ਕੋਠੇ ਦੀ ਛੱਤ, ਸਟੇਡੀਅਮ ਦੀ ਕੰਧ ਅਤੇ ਸਟੇਜ ਡਿੱਗ ਗਈ। ਪਿੰਡ ਕਾਕੜਾ ਦੇ ਗੁਰਦਿੱਤ ਸਿੰਘ ਦੀ ਲੱਤ ਟੁੱਟੀ ਗਈ।
ਇਸ ਤੋਂ ਇਲਾਵਾ ਹੋਰ ਪਿੰਡਾਂ ਵਿੱਚ ਵੀ ਕਾਫ਼ੀ ਨੁਕਸਾਨ ਹੋਇਆ ਹੈ। ਨੇੜਲੇ ਪਿੰਡ ਨਦਾਮਪੁਰ ’ਚ ਘੱਗਰ ਬ੍ਰਾਂਚ ਦੀ ਨਹਿਰ ’ਚ ਲੱਗੇ ਕੈਨਾਲ ਟੋਪ ਸੋਲਰ ਪਾਵਰ ਪਲਾਂਟ ਦਾ ਵੱਡਾ ਹਿੱਸਾ ਨੁਕਸਾਨਿਆ ਗਿਆ। ਬਲਿਆਲ ਦੇ ਸਰਪੰਚ ਜਗਮੀਤ ਸਿੰਘ ਭੋਲਾ ਅਤੇ ਨੰਬਰਦਾਰ ਗੁਰਪ੍ਰੀਤ ਸਿੰਘ ਨੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸੇ ਦੌਰਾਨ ਅਨਾਜ ਮੰਡੀ ਭਵਾਨੀਗੜ੍ਹ ਵਿੱਚ ਹਾਲਾਤ ਦਾ ਜਾਇਜ਼ਾ ਲੈਣ ਆਏ ਐੱਸਡੀਐੱਮ (ਭਵਾਨੀਗੜ੍ਹ) ਮਨਜੀਤ ਕੌਰ ਨੇ ਦੱਸਿਆ ਕਿ ਇਸ ਕੁਦਰਤੀ ਆਫ਼ਤ ਸਮੇਂ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦੀ ਨਾਲ ਕਦਮ ਉਠਾਏ ਗਏ ਹਨ। ਕਣਕ, ਘਰਾਂ ਅਤੇ ਹੋਰ ਪ੍ਰਾਪਰਟੀ ਦੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।