ਨਵਜੋਤ ਸਿੱਧੂ ਦੀ ਪਤਨੀ ਨਾਲ ਠੱਗੀ ਮਾਰਨ ਵਾਲੇ ਨੂੰ ਪੇਸ਼ ਕਰਨ ਦੇ ਹੁਕਮ
ਪੰਜਾਬ ਦੇ ਸਾਬਕਾ ਮੰਤਰੀ ਅਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨਾਲ 10 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਲਜ਼ਮ ਗਗਨਦੀਪ ਸਿੰਘ ਨੂੰ ਇੱਕ ਹਫ਼ਤੇ ਦੇ ਅੰਦਰ ਦੁਬਈ ਤੋਂ ਭਾਰਤ ਲਿਆਉਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਉਸ ਦਾ ਪਾਸਪੋਰਟ ਜ਼ਬਤ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਨਵਜੋਤ ਸਿੱਧੂ ਦੇ ਬੁਲਾਰੇ ਨੇ ਇੱਥੇ ਦੱਸਿਆ ਕਿ ਇਸ ਮਾਮਲੇ ਵਿੱਚ 24 ਅਕਤੂਬਰ 2024 ਨੂੰ ਸ਼ਿਕਾਇਤ ਦਰਜ ਕੀਤੀ ਗਈ ਸੀ। ਮੁਲਜ਼ਮ ਨੇ ਖੁਦ ਨੂੰ ਬਿਲਡਰ ਦੱਸਦੇ ਹੋਏ ਸ਼ੋਅਰੂਮ ਵਿੱਚ ਨਿਵੇਸ਼ ਕਰਕੇ ਵੱਡਾ ਮੁਨਾਫ਼ਾ ਦੇਣ ਦਾ ਝਾਂਸਾ ਦਿੱਤਾ ਸੀ ਅਤੇ 10 ਕਰੋੜ ਦੀ ਕਥਿਤ ਠੱਗੀ ਕੀਤੀ ਸੀ। ਕੇਸ ਦਰਜ ਹੋਣ ਤੋਂ ਬਾਅਦ ਮੁਲਜ਼ਮ ਦੇਸ਼ ਛੱਡ ਕੇ ਦੁਬਈ ਭੱਜ ਗਿਆ ਸੀ। ਦੱਸਣਯੋਗ ਹੈ ਕਿ ਮੁਲਜ਼ਮ ਗਗਨਦੀਪ ਨੇ ਦੁਬਈ ਭੱਜਣ ਤੋਂ ਬਾਅਦ ਅਗਾਊਂ ਜ਼ਮਾਨਤ ਦੀ ਅਰਜ਼ੀ ਹਾਈ ਕੋਰਟ ਵਿੱਚ ਦਾਇਰ ਕੀਤੀ ਸੀ। ਇਸੇ ’ਤੇ ਅੱਜ ਸੋਮਵਾਰ ਨੂੰ ਸੁਣਵਾਈ ਹੋਈ।
ਅਦਾਲਤ ਨੇ ਮਾਮਲੇ ਵਿੱਚ ਅਗਲੀ ਸੁਣਵਾਈ ਲਈ 20 ਅਗਸਤ ਤੈਅ ਕੀਤੀ ਹੈ। ਵਕੀਲ ਕਰਨ ਸਚਦੇਵਾ ਨੇ ਦੱਸਿਆ ਕਿ ਹਾਈ ਕੋਰਟ ਨੇ ਗਗਨਦੀਪ ਨੂੰ ਇੱਕ ਹਫ਼ਤੇ ਵਿੱਚ ਦੇਸ਼ ਵਾਪਸ ਲਿਆ ਕੇ ਪੇਸ਼ ਕਰਨ ਦਾ ਹੁਕਮ ਦਿੱਤਾ ਹੈ, ਨਾਲ ਹੀ ਅਦਾਲਤ ਨੇ ਮੁਲਜ਼ਮ ਦਾ ਪਾਸਪੋਰਟ ਵੀ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ।