ਮੁਹਾਲੀ ਦੀ ਫ਼ਲ ਤੇ ਸਬਜ਼ੀ ਮੰਡੀ ਪੁੱਡਾ ਨੂੰ ਤਬਦੀਲ ਕਰਨ ਦਾ ਵਿਰੋਧ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਬਾਰੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖਿਆ। ਮੰਗ ਪੱਤਰ ਵਿੱਚ ਪ੍ਰਤਾਪ ਬਾਜਵਾ ਨੇ ਪੰਜਾਬ ਮੰਡੀ ਬੋਰਡ ਵੱਲੋਂ 25 ਸਤੰਬਰ ਨੂੰ ਮੁਹਾਲੀ ਦੇ ਫੇਜ਼-11 ਸਥਿਤ ਲਗਪਗ 12 ਏਕੜ ਜ਼ਮੀਨ ’ਚ ਬਣੀ ਅਤਿ-ਆਧੁਨਿਕ ਫ਼ਲ ਅਤੇ ਸਬਜ਼ੀ ਮੰਡੀ ਪੁੱਡਾ ਨੂੰ 700 ਕਰੋੜ ਰੁਪਏ ਵਿੱਚ ਤਬਦੀਲ ਕਰਨ ਦੇ ਫ਼ੈਸਲੇ ਦਾ ਵਿਰੋਧ ਕੀਤਾ ਹੈ। ਸ੍ਰੀ ਬਾਜਵਾ ਨੇ ਫੇਜ਼-11 ਵਿੱਚ ਸਥਿਤ ਫ਼ਲ ਤੇ ਸਬਜ਼ੀ ਮੰਡੀ ਨੂੰ ਪੁੱਡਾ ਕੋਲ ਤਬਦੀਲ ਕਰਨ ਦੇ ਮਸਲੇ ਨੂੰ ਰੋਕਣ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ। ਸ੍ਰੀ ਬਾਜਵਾ ਨੇ ਕਿਹਾ ਕਿ ਬੋਰਡ ਨੇ ਜੁਲਾਈ 2025 ਵਿੱਚ 15 ਦੋ ਮੰਜ਼ਿਲਾ ਦੁਕਾਨਾਂ ਅਲਾਟ ਕੀਤੀਆਂ ਹਨ ਅਤੇ ਵਪਾਰੀਆਂ ਨੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮੰਡੀ ਨੂੰ ਬੰਦ ਕਰਨ ਨਾਲ ਮੁਹਾਲੀ ਜ਼ਿਲ੍ਹੇ ਦੇ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੂੰ ਆਪਣੇ ਫ਼ਲ ਤੇ ਸਬਜ਼ੀਆਂ ਦੀ ਵਿਕਰੀ ਲਈ ਦੂਰ ਦੀਆਂ ਮੰਡੀਆਂ ਵਿੱਚ ਪਹੁੰਚ ਕਰਨੀ ਪਵੇਗੀ। ਇਸ ਤਰ੍ਹਾਂ ਕਿਸਾਨਾਂ ਦੀ ਫ਼ਲ ਤੇ ਸਬਜ਼ੀਆਂ ਦੀ ਫ਼ਸਲ ਦੀਆਂ ਲਾਗਤ ਕੀਮਤਾਂ ਵਿੱਚ ਵਾਧਾ ਹੋਵੇਗਾ ਜਿਸ ਦਾ ਅਸਰ ਵਸਤਾਂ ਦੇ ਭਾਅ ’ਤੇ ਵੀ ਪਵੇਗਾ। ਵਿਰੋਧੀ ਧਿਰ ਦੇ ਆਗੂ ਨੇ ਪੰਜਾਬ ਦੇ ਰਾਜਪਾਲ ਨੂੰ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ।