ਵਿਰੋਧੀ ਧਿਰਾਂ ਨੇ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ ’ਤੇ ਘੇਰਿਆ
ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਦੇ ਦਾਅਵਿਆਂ ਦੇ ਉਲਟ ਮਾਨਸਾ ਜ਼ਿਲ੍ਹੇ ਵਿੱਚ ਚਿੱਟੇ ਖਾਤਰ ਮਾਂ ਵੱਲੋਂ ਆਪਣੇ ਛੇ ਮਹੀਨੇ ਦੇ ਬੱਚੇ ਨੂੰ 1.80 ਲੱਖ ਰੁਪਏ ਵਿੱਚ ਵੇਚਣ ਦੀ ਘਟਨਾ ਨੇ ਸਾਰਿਆਂ ਨੂੰ ਝੰਜੋੜ ਦਿੱਤਾ ਹੈ। ਇਸ ਮਗਰੋਂ ਪੰਜਾਬ ਦੀਆਂ ਵਿਰੋਧੀ ਧਿਰਾਂ ਨੇ ਸੂਬਾ ਸਰਕਾਰ ਦੀ ਨਸ਼ਿਆਂ ਦੇ ਮੁੱਦੇ ’ਤੇ ਘੇਰਾਬੰਦੀ ਕੀਤੀ ਹੈ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ’ਤੇ ਸਵਾਲ ਚੁੱਕੇ ਹਨ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਚਿੱਟੇ ਲਈ ਆਪਣੇ 6 ਮਹੀਨੇ ਦੇ ਬੱਚੇ ਨੂੰ ਵੇਚਣ ਵਾਲੀ ਔਰਤ ਸੂਬਾਈ ਖਿਡਾਰਨ ਰਹਿ ਚੁੱਕੀ ਹੈ। ਇਹ ਔਰਤ ਕਦੇ ਮੈਦਾਨਾਂ ’ਚ ਪੰਜਾਬ ਦਾ ਮਾਣ ਸੀ ਪਰ ਨਸ਼ੇ ਦੀ ਗ੍ਰਿਫ਼ਤ ’ਚ ਆ ਕੇ ਆਪਣੇ ਜਿਗਰ ਦੇ ਟੁਕੜੇ ਨੂੰ ਵੇਚ ਦਿੱਤਾ, ਜਦੋਂ ਮਾਂ ਨਸ਼ੇ ਦੀ ਲਤ ਕਾਰਨ ਆਪਣੇ ਪੁੱਤਰ ਨੂੰ ਵੇਚਣ ਲਈ ਮਜ਼ਬੂਰ ਹੋ ਜਾਵੇ ਤਾਂ ਇਹ ‘ਆਪ’ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸੂਬਾ ਸਰਕਾਰ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਸਿਰਫ਼ ਕਾਗਜ਼ਾਂ ਤੇ ਫੋਟੋ ਖਿਚਾਉਣ ਤੱਕ ਸੀਮਿਤ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਨਸ਼ੇ ਦਾ ਧੰਦਾ ਹਰ ਪਿੰਡ ਤੇ ਸ਼ਹਿਰ ਤੱਕ ਪਹੁੰਚ ਚੁੱਕਿਆ ਹੈ ਪਰ ਸਰਕਾਰ ਦੀ ਨੀਤੀ ਨਸ਼ਿਆਂ ਦਾ ਖਾਤਮਾ ਕਰਨ ਦੀ ਥਾਂ ਝੂਠੇ ਦਾਅਵਿਆਂ ਤੱਕ ਸੀਮਤ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਬਿਆਨਬਾਜ਼ੀ ਤੋਂ ਉਪਰ ਉੱਠ ਕੇ ਜ਼ਮੀਨੀ ਪੱਧਰ ’ਤੇ ਨਸ਼ਿਆਂ ਦੇ ਖਾਤਮੇ ਲਈ ਕਾਰਵਾਈ ਕਰੇ। ਸਰਕਾਰ ਨਸ਼ੇੜੀਆਂ ਦੇ ਮੁੜਵਸੇਬੇ ਲਈ ਠੋਸ ਯਤਨ ਕਰੇ।
ਪੰਜਾਬ ਨਸ਼ਿਆਂ ਦੇ ਸਭ ਤੋਂ ਭਿਆਨਕ ਸੰਕਟ ਦਾ ਸਾਹਮਣਾ ਕਰ ਰਿਹਾ: ਬਾਜਵਾ
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਵਾਪਰੀ ਘਟਨਾ ਨੇ ਸੂਬਾ ਸਰਕਾਰ ਨੇ ਨਸ਼ਿਆਂ ਵਿਰੁੱਧ ਕਾਰਵਾਈ ਦੀ ਸੱਚਾਈ ਸਭ ਦੇ ਸਾਹਮਣੇ ਲਿਆ ਦਿੱਤੀ ਹੈ। ਸਰਕਾਰ ਸੂਬੇ ਵਿੱਚ ਸਭ ਕੁਝ ਠੀਕ ਹੋਣ ਦਾ ਦਿਖਾਵਾ ਕਰਨਾ ਬੰਦ ਕਰੇ ਅਤੇ ਨਸ਼ਾ ਤਸਕਰਾਂ ’ਤੇ ਨੱਥ ਪਾਉਣ ਲਈ ਠੋਸ ਕਾਰਵਾਈ ਕਰੇ। ਪੰਜਾਬ ਸਰਕਾਰ ਰੋਜ਼ਾਨਾਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਵੱਡੇ-ਵੱਡੇ ਅੰਕੜੇ ਪੇਸ਼ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ, ਜਦੋਂਕਿ ਅਜਿਹੀਆਂ ਘਟਨਾਵਾਂ ਸੂਬਾ ਸਰਕਾਰ ਦੀਆਂ ਕਾਰਵਾਈਆਂ ਦੀ ਅਸਲ ਸੱਚਾਈ ਪੇਸ਼ ਕਰਦੀਆਂ ਹਨ। ਸਰਕਾਰ ਨੂੰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਨਾਲ-ਨਾਲ ਨਸ਼ਿਆਂ ਦੇ ਦਲ-ਦਲ ਵਿੱਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਵੱਲ ਵੀ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।
