ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਪਰੇਸ਼ਨ ਸੀਲ: ਪੁਲੀਸ ਵੱਲੋਂ 92 ਥਾਈਂ ਨਾਕੇ ਲਾ ਕੇ ਚੈਕਿੰਗ

ਕੁੱਲ 2.380 ਵਾਹਨਾਂ ਦੀ ਜਾਂਚ ਕਰ ਕੇ 208 ਚਲਾਨ ਕੱਟੇ, 110 ਨਸ਼ਾ ਤਸਕਰ 1.4 ਕਿਲੋਗ੍ਰਾਮ ਹੈਰੋਇਨ ਸਣੇ ਕਾਬੂ
ਸ੍ਰੀ ਮੁਕਤਸਰ ਵਿੱਚ ਲਾਏ ਨਾਕੇ ਦੌਰਾਨ ਵਾਹਨਾਂ ਦੀ ਜਾਂਚ ਕਰਦੀ ਹੋਈ ਪੁਲੀਸ।
Advertisement

ਪੰਜਾਬ ਪੁਲੀਸ ਨੇ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੱਜ ਪੰਜਾਬ ਵਿੱਚ ਦਾਖ਼ਲ ਹੋਣ ਜਾਂ ਬਾਹਰ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਲਈ ‘ਅਪਰੇਸ਼ਨ ਸੀਲ’ ਚਲਾਇਆ। ਇਸ ਦੌਰਾਨ ਪੁਲੀਸ ਨੇ ਸਾਰੇ ਜ਼ਿਲ੍ਹਿਆਂ ਵਿੱਚ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਸੂਬੇ ਵਿੱਚ ਦਾਖ਼ਲ ਹੋਣ ਵਾਲੇ 92 ਐਂਟਰੀ ਤੇ ਐਗਜ਼ਿਟ ਪੁਆਇੰਟਾਂ ਨੂੰ ਸੀਲ ਕਰ ਕੇ ਤਲਾਸ਼ੀ ਮੁਹਿੰਮ ਚਲਾਈ। ਪੁਲੀਸ ਦੇ 700 ਤੋਂ ਵੱਧ ਪੁਲੀਸ ਕਰਮਚਾਰੀਆਂ ਨੇ ਚਾਰ ਸਰਹੱਦੀ ਰਾਜਾਂ ਤੇ ਚੰਡੀਗੜ੍ਹ ਨਾਲ ਸਰਹੱਦਾਂ ਸਾਂਝੀਆਂ ਵਾਲੇ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਰੂਪਨਗਰ, ਮੁਹਾਲੀ, ਪਟਿਆਲਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ ਤੇ ਬਠਿੰਡਾ ਵਿੱਚ ਨਾਕੇ ਲਾਏ। ਪੁਲੀਸ ਨੇ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਤੇ ਬਾਹਰ ਜਾਣ ਵਾਲੇ 2,380 ਵਾਹਨਾਂ ਦੀ ਜਾਂਚ ਕੀਤੀ, ਜਿਨ੍ਹਾਂ ’ਚੋਂ 208 ਦੇ ਚਲਾਨ ਕੀਤੇ ਗਏ ਜਦਕਿ ਤਿੰਨ ਨੂੰ ਜ਼ਬਤ ਕੀਤਾ ਗਿਆ। ਇਸ ਕਾਰਵਾਈ ਦੌਰਾਨ ਪੁਲੀਸ ਨੇ 9 ਕੇਸ ਦਰਜ ਕਰ ਕੇ 10 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਦੂਜੇ ਪਾਸੇ ਪੁਲੀਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਸੂਬੇ ਵਿੱਚ 401 ਥਾਵਾਂ ’ਤੇ ਛਾਪੇ ਮਾਰੇ। ਇਸ ਦੌਰਾਨ ਪੁਲੀਸ ਨੇ 438 ਮਸ਼ਕੂਕਾਂ ਦੀ ਚੈਕਿੰਗ ਕਰ ਕੇ 110 ਜਣਿਆਂ ਨੂੰ 1.4 ਕਿਲੋਗ੍ਰਾਮ ਹੈਰੋਇਨ ਅਤੇ 15 ਕਿਲੋਗ੍ਰਾਮ ਭੁੱਕੀ ਸਮੇਤ ਕਾਬੂ ਕੀਤਾ। ਪੁਲੀਸ ਨੇ ਨਸ਼ਾ ਤਸਕਰਾਂ ਵਿਰੁੱਧ ਸੂਬੇ ਭਰ ਵਿੱਚ 75 ਕੇਸ ਦਰਜ ਕੀਤੇ ਹਨ। ਇਸ ਤੋਂ ਇਲਾਵਾ 57 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬੇ ਦੇ ਇਲਾਜ ਲਈ ਰਾਜ਼ੀ ਕੀਤਾ ਹੈ।

Advertisement

ਨਸ਼ੇ ਦੇ ਖਾਤਮੇ ਤੱਕ ਕਾਰਵਾਈ ਜਾਰੀ ਰਹੇਗੀ: ਵਿਸ਼ੇਸ਼ ਡੀਜੀਪੀ

ਪੰਜਾਬ ਪੁਲੀਸ ਦੇ ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੁਲੀਸ ਵੱਲੋਂ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਰਣਨੀਤੀ ਤਹਿਤ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਸੂਬੇ ’ਚੋਂ ਨਸ਼ਿਆਂ ਦਾ ਜੜ੍ਹ ਤੋਂ ਖਾਤਮਾ ਕੀਤਾ ਜਾਵੇਗਾ। ਜਦੋਂ ਤੱਕ ਨਸ਼ਿਆਂ ਦਾ ਖਾਤਮਾ ਨਹੀਂ ਹੁੰਦਾ, ਉਦੋਂ ਤੱਕ ਪੁਲੀਸ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਜਾਣਕਾਰੀ ਪੁਲੀਸ ਨੂੰ ਦੇਣ ਤਾਂ ਜੋ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੀ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।

Advertisement