ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਮੈਚ ਨੂੰ ਖੁੱਲ੍ਹ, ਆਸਥਾ ’ਤੇ ਪਾਬੰਦੀ’: ਬਾਬੇ ਦੇ ਦਰ ’ਤੇ ਜਾਣ ’ਤੇ ਪਾਬੰਦੀ ਲਾਉਣਾ ਘੋਰ ਜ਼ਿਆਦਤੀ : ਭਗਵੰਤ ਮਾਨ

ਕੇਂਦਰ ਸਰਕਾਰ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਜਾਣ ਵਾਲੇ ਧਾਰਮਿਕ ਜੱਥਿਆਂ ਨੂੰ ਰੋਕ ਕੇ ਪੰਜਾਬੀਆਂ ਨਾਲ ਲੈ ਰਹੀ ਹੈ ਬਦਲਾ
ਫਾਈਲ ਫੋਟੋ।
Advertisement

 

ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ’ਤੇ ਸਿੱਖ ਸ਼ਰਧਾਲੂਆਂ ਦੇ ਜਥਿਆਂ ਦੇ ਪਾਕਿਸਤਾਨ ਜਾਣ ’ਤੇ ਲਾਈ ਪਾਬੰਦੀ ’ਤੇ ਇਤਰਾਜ਼ ਕਰਦਿਆਂ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਮੁੱਖ ਮੰਤਰੀ ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬੀਆਂ ਨਾਲ ਦੁਸ਼ਮਣੀ ਵਾਲਾ ਰਵੱਈਆ ਰੱਖ ਰਹੀ ਹੈ ਜਿਸ ਦੇ ਤਹਿਤ ਆਏ ਦਿਨ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਨੇ ਪਾਕਿਸਤਾਨ ’ਚ ਪਹਿਲੀ ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਜਾਣ ਵਾਲੇ ਸ਼ਰਧਾਲੂਆਂ ’ਤੇ ਪਾਬੰਦੀ ਲਗਾ ਦਿੱਤੀ ਹੈ।

Advertisement

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬੀਆਂ ਦੇ ਜਜ਼ਬਾਤਾਂ ਨਾਲ ਖੇਡ ਰਹੇ ਹਨ ਜਦੋਂ ਕਿ ਪੰਜਾਬੀ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਨਾਲ ਲਾਈਵ ਕ੍ਰਿਕਟ ਮੈਚ ਤਾਂ ਖੇਡਿਆ ਜਾ ਸਕਦਾ ਹੈ ਤਾਂ ਫਿਰ ਸ਼ਰਧਾਲੂ ਬਾਬੇ ਦੇ ਦਰ ’ਤੇ ਮੱਥਾ ਟੇਕਣ ਕਿਉਂ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਕ੍ਰਿਕਟ ਦਾ ਮੈਚ ਤੇ ਫ਼ਿਲਮਾਂ ਦਾ ਇੰਤਜ਼ਾਰ ਵੀ ਕਰ ਸਕਦੀਆਂ ਹਨ ਪ੍ਰੰਤੂ ਗੁਰਪੁਰਬ ਜਾਂ ਧਾਰਮਿਕ ਦਿਹਾੜੇ ਮਨਾਉਣ ਲਈ ਪਾਬੰਦੀ ਨਹੀਂ ਲਗਾਈ ਜਾ ਸਕਦੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸੁਆਲ ਕੀਤਾ ਕਿ ਸ਼ਰਧਾਲੂਆਂ ਤੋਂ ਕੀ ਕਸੂਰ ਹੋ ਗਿਆ ਹੈ। ਮੈਚ ’ਤੇ ਸਹਿਮਤੀ ਬਣ ਜਾਂਦੀ ਹੈ ਪ੍ਰੰਤੂ ਆਸਥਾ ’ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਕੀ ਹੁਣ ਸੁਨੀਲ ਜਾਖੜ ਅਤੇ ਰਵਨੀਤ ਬਿੱਟੂ ਪ੍ਰਧਾਨ ਮੰਤਰੀ ਨੂੰ ਸੁਆਲ ਪੁੱਛਣਗੇ ਕਿ ਕ੍ਰਿਕਟ ਮੈਚ ਕਰਾਉਣ ਦੀ ਕੀ ਮਜਬੂਰੀ ਸੀ। ਹੁਣ ਜਥਿਆਂ ’ਤੇ ਪਾਬੰਦੀ ਕਿਉਂ। ਉਨ੍ਹਾਂ ਕਿਹਾ ਕਿ ਕੇਂਦਰ ਦੀ ਪਾਲਿਸੀ ਪਾਕਿਸਤਾਨ ਦੇ ਖ਼ਿਲਾਫ਼ ਹੈ ਜਾਂ ਲੋਕਾਂ ਦੇ ਖ਼ਿਲਾਫ਼ ਹੈ। ਇਹ ਵੀ ਕਿਹਾ ਕਿ ਪਾਕਿਸਤਾਨ ਨਾਲ ਜਾਂ ਤਾਂ ਸਾਰਾ ਕੁੱਝ ਬੰਦ ਕਰੋ ਜਾਂ ਫਿਰ ਸਭ ਕੁੱਝ ਖੋਲ੍ਹ ਦਿਓ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗੁਜਰਾਤ ਅਤੇ ਮੁੰਬਈ ਦੇ ਪੋਰਟਾਂ ਨੂੰ ਵਪਾਰਕ ਤੌਰ ਤੇ ਖੋਲਿਆ ਗਿਆ ਹੈ, ਜਦੋਂ ਕਿ ਪੰਜਾਬ ਦੇ ਰਾਹ ਬੰਦ ਕੀਤੇ ਹੋਏ ਹਨ। ਸ੍ਰੀ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਤੋਂ ਭਾਜਪਾ ਨੂੰ ਵੋਟ ਨਾ ਪਾਉਣ ਲਈ ਅਤੇ ਕਿਸਾਨ ਅੰਦੋਲਨ ਦਾ ਬਦਲਾ ਲਿਆ ਜਾ ਰਿਹਾ ਹੈ।

ਇੱਕ ਸੁਆਲ ਦੇ ਜੁਆਬ ’ਚ ਮੁੱਖ ਮੰਤਰੀ ਨੇ ਕਿਹਾ ਕਿ ਟੋਕਨ ਮਨੀ ਤਾਂ ਦੂਰ ਦੀ ਗੱਲ, ਹਾਲੇ ਤੱਕ ਕੇਂਦਰ ਨੇ ਹੜ੍ਹਾਂ ਦੇ ਰਾਹਤ ਫ਼ੰਡ ਵਜੋਂ ਇੱਕ ਰੁਪਿਆ ਵੀ ਨਹੀਂ ਭੇਜਿਆ। ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਨੂੰ ਤਾਂ ਰਾਹਤ ਫ਼ੰਡ ਕੇਂਦਰ ਨੇ ਫ਼ੌਰੀ ਭੇਜ ਦਿੱਤੇ ਪ੍ਰੰਤੂ ਪੰਜਾਬ ਨੂੰ ਹਾਲੇ ਤੱਕ ਕੋਈ ਪੈਸਾ ਨਹੀਂ ਦਿੱਤਾ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਸੰਕਟ ਪੈਂਦਾ ਹੈ ਤਾਂ ਪੰਜਾਬ ਚੇਤੇ ਆਉਂਦਾ ਹੈ ਪ੍ਰੰਤੂ ਬਾਅਦ ਵਿੱਚ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਪ੍ਰਧਾਨ ਮੰਤਰੀ ਰਾਹਤ ਫ਼ੰਡ ’ਤੇ ਵੀ ਸੁਆਲ ਉਠਾਏ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਪ੍ਰਧਾਨ ਮੰਤਰੀ ਰਾਹਤ ਫ਼ੰਡ ਦਾ ਨਾਮ ਲੈ ਕੇ ਜੋ ਇੱਕ ਸੰਸਥਾ ਵੱਲੋਂ ਪੈਸੇ ਮੰਗੇ ਜਾ ਰਹੇ ਹਨ, ਉਸ ਦੀ ਕੇਂਦਰ ਸਰਕਾਰ ਜਾਂਚ ਕਰੇ।

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਜ਼ਿਆਦਤੀ ਨੂੰ ਪੰਜਾਬੀ ਯਾਦ ਰੱਖਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਡਿੱਗਦੇ ਹਨ ਤੇ ਉੱਠਦੇ ਵੀ ਹਨ। ਇੱਕ ਹੋਰ ਸੁਆਲ ਦੇ ਜੁਆਬ ਵਿੱਚ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਬੀਜ ਦੀ ਵੰਡ ਵੀ ਕਰੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇੱਧਰੋਂ ਉਧਰੋਂ ਬੀਜ ਲੈਣ ਦੀ ਥਾਂ ਪੰਜਾਬ ਸਰਕਾਰ ਕੋਲ ਬੀਜ ਲਈ ਪਹੁੰਚ ਕਰਨ।

Advertisement
Show comments