ਸੰਗਤ ਮੰਡੀ ਵਿੱਚ ਦੋ ਧਿਰਾਂ ਦੀ ਲੜਾਈ ਵਿੱਚ ਇੱਕ ਦੀ ਮੌਤ
ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 2 ਅਗਸਤ
ਸੰਗਤ ਮੰਡੀ ਦੇ ਬੱਸ ਅੱਡੇ ’ਤੇ ਅੱਜ ਸ਼ਾਮ ਦੋ ਧਿਰਾਂ ਦੀ ਹੋਈ ਲੜਾਈ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਥਾਨਕ ਮੰਡੀ ਵਾਸੀਆਂ ਨੇ ਦੱਸਿਆ ਕਿ ਨਗਰ ਕੌਂਸਲ ਸੰਗਤ ਅਧੀਨ ਪੈਂਦੇ ਬੱਸ ਅੱਡੇ ’ਤੇ ਆਉਂਦੀਆਂ ਬੱਸਾਂ ਅਤੇ ਉਥੇ ਲੱਗਣ ਵਾਲੀਆਂ ਰੇਹੜੀਆਂ-ਫੜ੍ਹੀਆਂ ਦੀ ਪਰਚੀ ਫ਼ੀਸ ਦਾ ਠੇਕਾ ਲੈਣ ਲਈ ਲਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸੰਗਤ ਕਲਾਂ ਵੱਲੋਂ ਸਭ ਤੋਂ ਵੱਧ ਬੋਲੀ ਦਿੱਤੀ ਗਈ ਸੀ। ਅਜੇ ਤੱਕ ਨਗਰ ਕੌਂਸਲ ਵੱਲੋਂ ਉਸ ਨੂੰ ਫ਼ੀਸ ਵਸੂਲਣ ਦੀ ਮਨਜ਼ੂਰੀ ਨਹੀਂ ਸੀ ਮਿਲੀ ਪਰ ਲਖਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਉਥੇ ਦੁਕਾਨਦਾਰਾਂ ਤੋਂ ਕਥਿਤ ਵਸੂਲੀ ਕਰਨੀ ਚਾਹੁੰਦਾ ਸੀ। ਅੱਜ ਸ਼ਾਮ ਨੂੰ ਉਥੇ ਰੇਹੜੀ-ਫੜ੍ਹੀ ਲਾਉਣ ਵਾਲਿਆਂ ਨਾਲ ਲਖਵਿੰਦਰ ਅਤੇ ਉਸ ਦੇ ਸਾਥੀਆਂ ਦੀ ਝੜਪ ਹੋ ਗਈ। ਇਸ ਦੌਰਾਨ ਲਖਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਗੁਰਥੜੀ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇੱਥੋਂ ਮੁੱਢਲੀ ਸਹਾਇਤਾ ਦੇਣ ਮਗਰੋਂ ਉਨ੍ਹਾਂ ਨੂੰ ਏਮਜ਼ ਬਠਿੰਡਾ ਰੈਫਰ ਕੀਤਾ ਗਿਆ, ਜਿੱਥੇ ਲਖਵਿੰਦਰ ਸਿੰਘ ਦੀ ਮੌਤ ਹੋ ਗਈ। ਥਾਣਾ ਸੰਗਤ ਦੀ ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚਸ਼ਮਦੀਦਾਂ ਮੁਤਾਬਕ ਲੜਾਈ ਮਗਰੋਂ ਪੁਲੀਸ ਨੂੰ ਉਥੋਂ ਅਸਲਾ ਵੀ ਬਰਾਮਦ ਹੋਇਆ ਹੈ। ਥਾਣਾ ਮੁਖੀ ਇੰਸਪੈਕਟਰ ਲਖਵਿੰਦਰ ਸਿੰਘ ਅਤੇ ਡੀਐੱਸਪੀ ਹਰਜੀਤ ਸਿੰਘ ਨੂੰ ਪੱਖ ਲੈਣ ਲਈ ਵਾਰ-ਵਾਰ ਕਾਲ ਕੀਤੀ ਗਈ, ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
ਘਟਨਾ ਦੀ ਜਾਂਚ ਕਰਦੇ ਹੋਏ ਪੁਲੀਸ ਅਧਿਕਾਰੀ।