ਅਤੀਤ ਨਾਲ ਜੁੜ ਕੇ ਹੀ ਸਮਰੱਥ ਬਣਿਆ ਜਾ ਸਕਦੈ: ਕਟਾਰੀਆ
ਗੁਰਨਾਮ ਸਿੰਘ ਅਕੀਦਾ
ਪੰਜਾਬੀ ਯੂਨੀਵਰਸਿਟੀ ਦੇ ਸੰਸਕ੍ਰਿਤ ਅਤੇ ਪਾਲੀ ਵਿਭਾਗ ਵੱਲੋਂ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਨਵੀਂ ਦਿੱਲੀ ਅਤੇ ‘ਸੰਸਕ੍ਰਿਤ ਭਾਰਤੀ ਪੰਜਾਬ’ ਅਦਾਰੇ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਦੋ ਰੋਜ਼ਾ ਸੰਸਕ੍ਰਿਤ ਗੋਸ਼ਟੀ ਦੇ ਉਦਘਾਟਨੀ ਸੈਸ਼ਨ ਵਿੱਚ ਪੰਜਾਬ ਦੇ ਰਾਜਪਾਲ ਅਤੇ ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਨਿਵਾਸ ਵਾਰਾਖੇੜੀ ਅਤੇ ਸੰਸਕ੍ਰਿਤ ਭਾਰਤੀ ਤੋਂ ਸੰਗਠਨ ਮੰਤਰੀ ਜੈ ਪ੍ਰਕਾਸ਼ ਗੌਤਮ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਉਦਘਾਟਨੀ ਸੈਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਰਸਮੀ ਰੂਪ ਵਿੱਚ ਧੰਨਵਾਦੀ ਭਾਸ਼ਣ ਦਿੱਤਾ। ਸਵਾਗਤੀ ਭਾਸ਼ਣ ਵਿਭਾਗ ਮੁਖੀ ਡਾ. ਵਰਿੰਦਰ ਕੁਮਾਰ ਨੇ ਦਿੱਤਾ।
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਸ ਮੌਕੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਜਿਸ ਦੀ ਸਥਾਪਨਾ ਹੀ ਪੰਜਾਬੀ ਭਾਸ਼ਾ ਅਤੇ ਵਿਰਸੇ ਦੀ ਸੁਰੱਖਿਆ ਸੰਭਾਲ ਲਈ ਹੋਈ ਹੈ, ਇਸ ਗੱਲ ਨੂੰ ਬਾਖ਼ੂਬੀ ਸਮਝ ਸਕਦੀ ਹੈ ਕਿ ਆਪਣੀ ਸੰਸਕ੍ਰਿਤੀ ਦੀ ਸਾਂਭ ਸੰਭਾਲ ਦਾ ਕੀ ਮਹੱਤਵ ਹੈ। ਪੰਜਾਬੀ ਵਿਰਸੇ ਦੀ ਸੰਭਾਲ ਪੱਖੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਤੀਤ ਨਾਲ ਜੁੜੇ ਰਹਿ ਕੇ ਹੀ ਅਸੀਂ ਸਮਰੱਥ ਰਹਿ ਸਕਦੇ ਹਾਂ। ਸੰਸਕ੍ਰਿਤ ਨੂੰ ਪੁਰਾਤਨ ਗਿਆਨ ਦੀ ਭਾਸ਼ਾ ਦੱਸਦਿਆਂ ਉਨ੍ਹਾਂ ਕਿਹਾ ਕਿ ਗਣਿਤ ਤੋਂ ਲੈ ਕੇ ਖਗੋਲ ਸ਼ਾਸਤਰ ਤੱਕ ਦਾ ਗਿਆਨ ਇਸ ਭਾਸ਼ਾ ਵਿੱਚ ਉਪਲਬਧ ਹੈ। ਉਨ੍ਹਾਂ ਹਾਲ ਹੀ ਵਿੱਚ ਸਾਹਮਣੇ ਆਈ ‘ਆਊਟਲੁੱਕ-ਆਈਸੀਏਆਰਈ ਰੈਂਕਿੰਗ 2025’ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਪ੍ਰਾਪਤ ਹੋਏ 47ਵੇਂ ਰੈਂਕ ਲਈ ਯੂਨੀਵਰਸਿਟੀ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ।