ਬਿਜਲੀ ਮੀਟਰਾਂ ਦੀ ਰਸੀਦ ਨਾ ਦੇਣ ’ਤੇ ਅਧਿਕਾਰੀ ਬੰਦੀ ਬਣਾਏ
ਹਰਦੀਪ ਸਿੰਘ
ਇੱਥੋਂ ਦੇ ਪਾਵਰਕੌਮ ਦਫ਼ਤਰ ਵਿੱਚ ਕਿਸਾਨ ਆਗੂਆਂ ਵੱਲੋਂ ਉਤਾਰੇ ਚਿੱਪ ਵਾਲੇ ਮੀਟਰ ਜਮ੍ਹਾਂ ਕਰਵਾਉਣ ਮੌਕੇ ਵਿਵਾਦ ਖੜ੍ਹਾ ਹੋ ਗਿਆ। ਕਿਸਾਨ ਆਗੂਆਂ ਨੇ ਜਮ੍ਹਾਂ ਕਰਵਾਏ ਮੀਟਰਾਂ ਦੀਆਂ ਰਸੀਦਾਂ ਮੰਗੀਆਂ ਪਰ ਬਿਜਲੀ ਅਧਿਕਾਰੀ (ਐੱਸ ਡੀ ਓ) ਸੁਖਚੈਨ ਸਿੰਘ ਨੇ ਰਸੀਦਾਂ ਦੇਣ ਤੋਂ ਅਸਮਰੱਥਾ ਪ੍ਰਗਟਾਈ। ਇਸ ਕਾਰਨ ਰੋਹ ਵਿੱਚ ਆਏ ਕਿਸਾਨਾਂ ਨੇ ਦਫ਼ਤਰ ਦਾ ਮੁੱਖ ਗੇਟ ਬੰਦ ਕਰ ਕਰਕੇ ਧਰਨਾ ਲਾ ਦਿੱਤਾ।
ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਐੱਸ ਡੀ ਓ ਸਮੇਤ ਸਾਰੇ ਸਟਾਫ ਨੂੰ ਬੰਦੀ ਬਣਾ ਲਿਆ। ਦਿਨ ਭਰ ਅਧਿਕਾਰੀਆਂ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਚੱਲਦੀ ਰਹੀ ਪਰ ਕੋਈ ਸਿੱਟਾ ਨਾ ਨਿਕਲਿਆ। ਅਖੀਰ ਦੇਰ ਰਾਤ ਪੁਲੀਸ ਦੇ ਦਖ਼ਲ ਅਤੇ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਸਦਕਾ ਮਾਮਲਾ ਸੁਲਝਿਆ। ਸ੍ਰੀ ਸੁਖਚੈਨ ਸਿੰਘ ਨੇ ਖੁਦ ਧਰਨੇ ਵਿੱਚ ਆ ਕੇ ਕਿਸਾਨ ਆਗੂਆਂ ਨੂੰ ਮੀਟਰਾਂ ਦੀਆਂ ਰਸੀਦਾਂ ਸੌਂਪੀਆਂ, ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਪ੍ਰਦਰਸ਼ਨ ਖਤਮ ਕੀਤਾ ਅਤੇ ਅਧਿਕਾਰੀਆਂ ਨੂੰ ਬਾਹਰ ਜਾਣ ਦਿੱਤਾ।
ਕਿਸਾਨ ਮੋਰਚੇ ਦੇ ਆਗੂ ਬਲਵੰਤ ਸਿੰਘ ਬ੍ਰਾਹਮਕੇ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਵੱਖ-ਵੱਖ ਪਿੰਡਾਂ ’ਚੋਂ ਪੁੱਟ ਕੇ ਲਿਆਂਦੇ ਕੁੱਲ 22 ਚਿੱਪ ਵਾਲੇ ਸਮਾਰਟ ਮੀਟਰ ਧਰਮਕੋਟ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਸਨ। ਮੀਟਰਾਂ ਦੀ ਗਿਣਤੀ ਕਰਵਾਉਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਅਧਿਕਾਰੀ ਤੋਂ ਰਸੀਦਾਂ ਦੀ ਮੰਗ ਕੀਤੀ ਤਾਂ ਪਹਿਲਾਂ ਅਧਿਕਾਰੀ ਟਾਲਮਟੋਲ ਕਰਦੇ ਰਹੇ ਅਤੇ ਬਾਅਦ ਵਿੱਚ ਰਸੀਦਾਂ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਕਾਰਨ ਕਿਸਾਨ ਮੋਰਚੇ ਨੂੰ ਮਜਬੂਰਨ ਦਫ਼ਤਰ ਦਾ ਘਿਰਾਓ ਕਰਨਾ ਪਿਆ।
ਇਸ ਮੌਕੇ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਬਿਜਲੀ ਅਧਿਕਾਰੀਆਂ ਨੇ ਉਨ੍ਹਾਂ ਖਪਤਕਾਰਾਂ ਨੂੰ ਤੰਗ-ਪ੍ਰੇਸ਼ਾਨ ਕੀਤਾ, ਜਿਨ੍ਹਾਂ ਦੇ ਮੀਟਰ ਉਤਾਰੇ ਗਏ ਹਨ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ ਅਤੇ ਸਬੰਧਤ ਅਧਿਕਾਰੀ ਇਸ ਦੇ ਜ਼ਿੰਮੇਵਾਰ ਹੋਣਗੇ। ਇਸ ਮੌਕੇ ਗੁਰਦੇਵ ਸਿੰਘ ਸਾਹਵਾਲਾ, ਬਾਜ ਸਿੰਘ ਸੰਗਲਾ, ਜੰਗੀਰ ਸਿੰਘ ਫੌਜੀ, ਤੋਤਾ ਸਿੰਘ ਬ੍ਰਾਹਮਕੇ, ਗੁਰਮੇਲ ਸਿੰਘ ਗਿੱਲ, ਜਗਰੂਪ ਸਿੰਘ ਰਡਿਆਲਾ ਅਤੇ ਬਲਵੀਰ ਸਿੰਘ ਮਾਨ ਵੀ ਹਾਜ਼ਰ ਸਨ।
