ਅਧਿਕਾਰੀ ਨੂੰ ਪੰਜਾਬੀ ਅਖ਼ਬਾਰ ਲਗਵਾਉਣ ਲਈ ਪੱਤਰ ਜਾਰੀ ਕਰਨਾ ਪਿਆ ‘ਮਹਿੰਗਾ’
ਕਰਮਜੀਤ ਸਿੰਘ ਚਿੱਲਾ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਨੇ ਰਾਜਪੁਰਾ ਬਲਾਕ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਾ ਚਾਰਜ ਸੰਭਾਲ ਰਹੇ ਬਨਦੀਪ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਬੀਡੀਪੀਓ ਰਾਜਪੁਰਾ ਬਨਦੀਪ ਸਿੰਘ ਨੇ ਬਲਾਕ ਦੇ ਸਰਪੰਚਾਂ, ਪੰਚਾਇਤ ਸਕੱਤਰਾਂ, ਵੀਡੀਓਜ਼ ਨੂੰ ਇੱਕ ਪੱਤਰ ਭੇਜ ਕੇ ਪੰਜਾਬੀ ਦਾ ਇੱਕ ਵਿਸ਼ੇਸ਼ ਅਖ਼ਬਾਰ ਲਗਵਾਉਣ ਦੇ ਨਿਰਦੇਸ਼ ਦਿੱਤੇ ਸਨ। ਪੱਤਰ ਵਿੱਚ ਕਿਹਾ ਗਿਆ ਸੀ ਕਿ ਡੀਸੀ ਦੀ ਮੀਟਿੰਗ ਵਿੱਚ ਸਬੰਧਤ ਆਦੇਸ਼ ਪ੍ਰਾਪਤ ਹੋਏ ਹਨ ਤੇ ਇਨ੍ਹਾਂ ਦੀ ਪਾਲਣਾ ਕਰਦਿਆਂ ਪੰਚਾਇਤਾਂ ਕੋਲ ਤੁਰੰਤ ਅਖ਼ਬਾਰ ਲਗਵਾਏ ਜਾਣ ਤੇ ਅਖ਼ਬਾਰ ਲਗਵਾਉਣ ਦੀ ਰਿਪੋਰਟ ਦੇਣੀ ਵੀ ਯਕੀਨੀ ਬਣਾਈ ਜਾਵੇ। ਬੀਡੀਪੀਓ ਵੱਲੋਂ ਕੱਲ੍ਹ ਜਾਰੀ ਕੀਤੇ ਪੱਤਰ ਨੂੰ ਰੱਦ ਕਰਨ ਲਈ ਅੱਜ ਮੁੜ ਪੱਤਰ ਸਰਪੰਚਾਂ ਅਤੇ ਪੰਚਾਇਤ ਸਕੱਤਰਾਂ ਨੂੰ ਭੇਜਿਆ ਗਿਆ। ਭਰੋਸੇ ਯੋਗ ਸੂਤਰਾਂ ਅਨੁਸਾਰ ਬੀਡੀਪੀਓ ਵੱਲੋਂ ਇਹ ਪੱਤਰ ਜ਼ਿਲ੍ਹਾ ਅਧਿਕਾਰੀਆਂ ਦੇ ਮੂੰਹ ਜ਼ਬਾਨੀ ਆਦੇਸ਼ਾਂ ਤਹਿਤ ਹੀ ਜਾਰੀ ਕੀਤਾ ਗਿਆ ਸੀ, ਪਰ ਇਸ ਦਾ ਰੌਲਾ ਪੈਣ ਉਪਰੰਤ ਪੱਤਰ ਲਿਖੇ ਜਾਣ ਦੀ ਗਾਜ ਬੀਡੀਪੀਓ ’ਤੇ ਡਿੱਗ ਗਈ।
ਬੇਧਿਆਨੀ ’ਚ ਅਜਿਹਾ ਹੋਇਆ: ਬੀਡੀਪੀਓ
ਬੀਡੀਪੀਓ ਬਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਅੱਜ ਸਬੰਧਤ ਪੱਤਰ ਵਾਪਸ ਲੈ ਲਿਆ ਸੀ। ਉਨ੍ਹਾਂ ਕਿਹਾ ਕਿ ਇਸ ਪਿੱਛੇ ਉਨ੍ਹਾਂ ਦੀ ਕੋਈ ਗਲਤ ਭਾਵਨਾ ਨਹੀਂ ਸੀ ਤੇ ਬੇਧਿਆਨੀ ਵਿੱਚ ਅਜਿਹਾ ਹੋ ਗਿਆ।
ਸੋਸ਼ਲ ਮੀਡੀਆ ’ਤੇ ਆਡੀਓ ਕਲਿੱਪਾਂ ਵਾਇਰਲ
ਇਸ ਦੌਰਾਨ ਸੋਸ਼ਲ ਮੀਡੀਆ ’ਤੇ ਦੋ ਆਡੀਓ ਕਲਿੱਪਾਂ ਵਾਇਰਲ ਹੋਈਆਂ। ਇਨ੍ਹਾਂ ਵਿੱਚ ਬੋਲਣ ਵਾਲਾ ਵਿਅਕਤੀ ਬੀਡੀਪੀਓ ਅਤੇ ਪੰਚਾਇਤ ਸਕੱਤਰਾਂ ਨੂੰ ਇਹ ਨਿਰਦੇਸ਼ ਦੇ ਰਿਹਾ ਹੈ ਕਿ 15 ਅਗਸਤ ਨੂੰ ਹਰ ਪਿੰਡ ਵਿੱਚ ਪੰਜਾਬੀ ਅਖ਼ਬਾਰ ਪਹੁੰਚਾਇਆ ਜਾਵੇ ਤੇ ਅਖ਼ਬਾਰ ਪਹੁੰਚਾ ਕੇ ਉਸ ਦੀ ਫੋਟੋ ਵੀ ਉਨ੍ਹਾਂ ਨਾਲ ਸ਼ੇਅਰ ਕੀਤੀ ਜਾਵੇ।