ਸ਼ਤਾਬਦੀ ਸਬੰਧੀ ਮੁੱਖ ਸਮਾਗਮ ਦਿੱਲੀ ’ਚ ਕਰਨ ਦੀ ਪੇਸ਼ਕਸ਼
ਦਿੱਲੀ ਕਮੇਟੀ ਦੀ ਇਹ ਪੇਸ਼ਕਸ਼ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਸ਼ਤਾਬਦੀ ਸਮਾਗਮਾਂ ਬਾਰੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਆਹਮੋ-ਸਾਹਮਣੇ ਹਨ। ਇਸ ਤੋਂ ਪਹਿਲਾਂ ਦੋਵੇ ਸਿੱਖ ਸੰਸਥਾਵਾਂ ਵੱਖ-ਵੱਖ ਦਿਸ਼ਾਵਾਂ ਵਿੱਚ ਚੱਲ ਰਹੀਆਂ ਸਨ ਪਰ ਇਸ ਪੇਸ਼ਕਸ਼ ਨਾਲ ਦੋਵਾਂ ਸਿੱਖ ਸੰਸਥਾਵਾਂ ਵਿੱਚ ਇਕਜੁੱਟਤਾ ਅਤੇ ਨੇੜਤਾ ਵੱਧ ਸਕਦੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਆਉਂਦੇ ਦਿਨਾਂ ਵਿੱਚ ਇਸ ਪੱਤਰ ’ਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਸ੍ਰੀ ਕਾਲਕਾ ਨੇ ਕਿਹਾ ਕਿ ਸ਼ਹੀਦੀ ਸਮਾਗਮਾਂ ਨੂੰ ਇਕਜੁੱਟ ਹੋ ਕੇ ਮਨਾਉਣਾ ਆਪਸੀ ਪਿਆਰ ਅਤੇ ਪੰਥਕ ਇਕਜੁੱਟਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦੀ ਸ਼ਤਾਬਦੀ ਮੌਕੇ ਵੱਖ-ਵੱਖ ਪ੍ਰੋਗਰਾਮ ਉਲੀਕ ਕੇ ਨਵੀਂ ਪਿਰਤ ਨਾ ਪਾਈ ਜਾਵੇ। ਉਨ੍ਹਾਂ ਕਿਹਾ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਦਿੱਲੀ ਵਿੱਚ ਹੋਈ ਸੀ ਅਤੇ ਮੁੱਖ ਪ੍ਰੋਗਰਾਮ ਦਿੱਲੀ ਵਿੱਚ ਮਨਾਇਆ ਜਾਵੇ ਤੇ ਦਿੱਲੀ ਕਮੇਟੀ ਨੂੰ ਇਸ ਮਾਮਲੇ ਵਿੱਚ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿੱਚ ਦਿੱਲੀ ਵਿੱਚ 2 ਅਪਰੈਲ ਨੂੰ ਇੱਕ ਵਿਸ਼ੇਸ਼ ਮੀਟਿੰਗ ਵੀ ਹੋਈ ਸੀ, ਜਿਸ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਤੀਨਿਧ ਵੀ ਸ਼ਾਮਲ ਹੋਏ ਸਨ। ਮੀਟਿੰਗ ਵਿੱਚ ਪੰਥਕ ਰਵਾਇਤਾਂ ਅਨੁਸਾਰ ਸ਼ਹੀਦੀ ਸਮਾਗਮ ਦਿੱਲੀ ਵਿੱਚ ਇਕਜੁੱਟਤਾ ਨਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਇਕਜੁੱਟ ਹੋ ਕੇ ਮਨਾਏ ਜਾਣ ਅਤੇ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਡੇ ਭਰਾ ਵਾਂਗ ਦਿੱਲੀ ਕਮੇਟੀ ਦੇ ਸਮਾਗਮਾਂ ਦੀ ਅਗਵਾਈ ਕਰੇ, ਦਿੱਲੀ ਕਮੇਟੀ ਇਸ ਵਿੱਚ ਛੋਟੇ ਭਰਾ ਦਾ ਫਰਜ਼ ਨਿਭਾ ਕੇ ਹਰ ਸੰਭਵ ਸਹਿਯੋਗ ਕਰੇਗੀ।