ਨਰਸਿੰਗ ਦੀ ਵਿਦਿਆਰਥਣ ਵੱਲੋਂ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ
ਪਰਮਜੀਤ ਸਿੰਘ ਕੁਠਾਲਾ
ਇਥੋਂ ਦੇ ਨਿਊ ਕਿਲਾ ਰਹਿਮਤਗੜ੍ਹ ਵਾਸੀ 22 ਸਾਲਾ ਨਰਸਿੰਗ ਵਿਦਿਆਰਥਣ ਨੇ ਆਪਣੇ ਪ੍ਰੇਮੀ ਤੋਂ ਦੁਖੀ ਹੋ ਕੇ ਘਰ ਵਿਚ ਹੀ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਲੜਕੀ ਦੇ ਭਰਾ ਪਿਊਸ਼ ਕੁਮਾਰ ਉਰਫ ਰਾਜਾ ਵੱਲੋਂ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਮੁਤਾਬਿਕ ਉਸ ਦੀ ਭੈਣ ਸੰਗਰੂਰ ਨੇੜੇ ਪਿੰਡ ਬਡਰੁੱਖਾਂ ਦੇ ਇਕ ਨਿੱਜੀ ਨਰਸਿੰਗ ਕਾਲਜ ਦੀ ਵਿਦਿਆਰਥਣ ਸੀ ਜਿਸ ਦੇ ਮੁਹੰਮਦ ਨਦੀਮ ਨਾਲ ਪ੍ਰੇਮ ਸਬੰਧ ਸਨ। ਇਨ੍ਹਾਂ ਸਬੰਧਾਂ ਬਾਰੇ ਲੜਕੀ ਨੇ ਪਰਿਵਾਰ ਨੂੰ ਦੱਸਿਆ ਹੋਇਆ ਸੀ। ਪਿਊਸ਼ ਕੁਮਾਰ ਨੇ ਦੱਸਿਆ ਕਿ ਮੁਹੰਮਦ ਨਦੀਮ ਉਸ ਦੀ ਭੈਣ ਨੂੰ ਵਿਆਹ ਦਾ ਝਾਂਸਾ ਦੇ ਕੇ ਅਕਸਰ ਮਿਲਦਾ ਰਹਿੰਦਾ ਸੀ। ਪਿਊਸ਼ ਅਨੁਸਾਰ ਉਹ ਜਦੋਂ ਆਪਣੀ ਦੁਕਾਨ ਤੋਂ ਘਰ ਪਹੁੰਚਿਆ ਤਾਂ ਉਸ ਦੀ ਭੈਣ ਛੱਤ ਵਾਲੇ ਪੱਖੇ ਨਾਲ ਚੁੰਨੀ ਪਾ ਕੇ ਲਟਕ ਰਹੀ ਸੀ। ਪਿਊਸ਼ ਕੁਮਾਰ ਮੁਤਾਬਿਕ ਮੁਹੰਮਦ ਨਦੀਮ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕੀਤਾ ਗਿਆ ਤੇ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਕਰਕੇ ਉਸ ਦੀ ਭੈਣ ਨੇ ਆਤਮ ਹੱਤਿਆ ਕਰ ਲਈ। ਉਸ ਨੇ ਦੱਸਿਆ ਕਿ ਉਸ ਦੀ ਭੈਣ ਨੇ ਖੁਦਕੁਸ਼ੀ ਤੋਂ ਪਹਿਲਾਂ ਆਪਣੇ ਮੋਬਾਈਲ ’ਤੇ ਬਾਕਾਇਦਾ ਖੁਦਕੁਸ਼ੀ ਨੋਟ ਦਾ ਸਕਰੀਨ ਸ਼ਾਟ ਲਿਆ।
ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ: ਥਾਣਾ ਮੁਖੀ
ਥਾਣਾ ਸਿਟੀ-1 ਮਾਲੇਰਕੋਟਲਾ ਦੇ ਮੁੱਖ ਅਫਸਰ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਭਰਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਪੁਲੀਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ ਪ੍ਰੰਤੂ ਮੁਲਜ਼ਮ ਘਰ ਨੂੰ ਤਾਲਾ ਲਾ ਕੇ ਫਰਾਰ ਹੋ ਗਿਆ ਹੈ।